ਓਟਵਾ, 20 ਜੂਨ : ਵਿੱਤ ਮੰਤਰੀ ਬਿੱਲ ਮੌਰਨਿਊ ਨੂੰ ਕੌਨਫਲਿਕਟ ਆਫ ਇੰਟਰਸਟ ਐਂਡ ਐਥਿਕਸ ਕਮਿਸ਼ਨਰ ਵੱਲੋਂ ਪੈਨਸ਼ਨ ਲੈਜਿਸਲੇਸ਼ਨ, ਬਿੱਲ ਸੀ-27 ਦੇ ਸਪਾਂਸਰਸਿ਼ਪ ਮਾਮਲੇ ਵਿੱਚ ਕਲੀਨ ਚਿੱਟ ਦੇ ਦਿੱਤੀ ਗਈ ਹੈ।
ਕਮਿਸ਼ਨਰ ਨੇ ਪਾਇਆ ਕਿ ਮੌਰਨਿਊ ਕਿਸੇ ਤਰ੍ਹਾਂ ਦੀ ਕੌਨਫਲਿਕਟ ਵਿੱਚ ਸ਼ਾਮਲ ਨਹੀਂ ਸੀ ਤੇ ਇਸ ਲਈ ਉਨ੍ਹਾਂ ਬਿੱਲ ਦੀ ਸਪਾਂਸਰਸਿ਼ਪ ਦੇ ਮਾਮਲੇ ਵਿੱਚ ਕੋਈ ਵੀ ਫੈਡਰਲ ਐਥਿਕਸ ਲਾਅ ਨਹੀਂ ਤੋੜਿਆ। ਇਹ ਵਿਵਾਦ ਉਦੋਂ ਸ਼ੁਰੂ ਹੋਇਆ ਸੀ ਜਦੋਂ ਇਹ ਰਿਪੋਰਟ ਮਿਲੀ ਸੀ ਕਿ ਮੌਰਨਿਊ ਅਸਿੱਧੇ ਤੌਰ ਉੱਤੇ ਆਪਣੀ ਪਰਿਵਾਰਕ ਕੰਪਨੀ ਮੌਰਨਿਊ ਸ਼ੈਪੈਲ ਵਿੱਚ ਸ਼ੇਅਰਜ਼ ਨੂੰ ਕਾਇਮ ਰੱਖਣ ਲਈ ਐਥਿਕਸ ਚੋਰ ਮੋਰੀਆਂ ਦਾ ਸਹਾਰਾ ਲੈ ਰਹੇ ਹਨ।
ਕਮਿਸ਼ਨਰ ਮਾਰੀਓ ਡਿਓਨ ਨੇ ਆਪਣਾ ਫੈਸਲਾ ਸੁਣਾਉਣ ਲਈ ਜਾਰੀ ਕੀਤੇ ਗਏ ਬਿਆਨ ਵਿੱਚ ਆਖਿਆ ਕਿ ਬਿੱਲ ਸੀ-27 ਪੇਸ਼ ਕਰਨ ਸਮੇਂ ਆਪਣੇ ਨਿਜੀ ਹਿਤਾਂ ਨੂੰ ਮੌਰਨਿਊ ਵੱਲੋਂ ਧਿਆਨ ਵਿੱਚ ਰੱਖਣ ਦਾ ਮੁੱਦਾ ਸਹੀ ਨਹੀਂ ਹੈ। ਇਸ ਲਈ ਉਨ੍ਹਾਂ ਕੌਨਫਲਿਕਟ ਆਫ ਇੰਟਰਸਟ ਐਕਟ ਦੀ ਉੱਪਧਾਰਾ 6 (1) ਜਾਂ ਧਾਰਾ 21 ਦੀ ਉਲੰਘਣਾ ਨਹੀਂ ਕੀਤੀ।
ਆਪਣਾ ਨਾਂ ਇਸ ਮਾਮਲੇ ਵਿੱਚੋਂ ਸਾਫ ਹੋ ਜਾਣ ਉੱਤੇ ਮੌਰਨਿਊ ਨੇ ਡਿਓਨ ਤੇ ਉਨ੍ਹਾਂ ਦੇ ਆਫਿਸ ਵੱਲੋਂ ਕੀਤੀ ਗਈ ਜਾਂਚ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਆਖਿਆ ਕਿ ਉਹ ਹਮੇਸ਼ਾਂ ਆਪਣਾ ਧਿਆਨ ਆਪਣੇ ਲੋਕਾਂ ਦੀ ਸੇਵਾ ਵਿੱਚ ਲਗਾਉਣਗੇ।