ਬਠਿੰਡਾ, ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ’ਚ ਐਤਕੀਂ ਕਿਧਰੇ ਵੀ ਵਿਆਹ ਵਰਗਾ ਰੰਗ ਨਹੀਂ ਬੱਝ ਰਿਹਾ ਹੈ। ਸਿਰਫ਼ ਵੱਕਾਰੀ ਹਲਕਿਆਂ ਵਿੱਚ ਰੌਣਕ ਹੈ। ਮਾਲਵਾ ਖ਼ਿੱਤੇ ਵਿੱਚ ਇਕੱਲੇ ਉਮੀਦਵਾਰ ਹੀ ਭੱਜੇ ਫਿਰਦੇ ਹਨ ਤੇ ਵੋਟਰ ਆਪਣੇ ਕੰਮਾਂ ਵਿੱਚ ਰੁੱਝੇ ਹੋਏ ਹਨ। ਲੋਕਾਂ ਦੀ ਕੋਈ ਦਿਲਚਸਪੀ ਨਹੀਂ ਹੈ ਪਰ ਸਰਪੰਚੀ ਦੇ ਚਾਹਵਾਨ ਜ਼ਰੂਰ ਇਨ੍ਹਾਂ ਵੋਟਾਂ ਬਹਾਨੇ ਆਪਣੀਆਂ ਗੋਟੀਆਂ ਫਿੱਟ ਕਰ ਰਹੇ ਹਨ। ਮਾਲਵੇ ਵਿੱਚ ਵਜ਼ੀਰ ਮਨਪ੍ਰੀਤ ਬਾਦਲ, ਬਿਜਲੀ ਮੰਤਰੀ ਗੁਰਪ੍ਰੀਤ ਕਾਂਗੜ, ਸਾਬਕਾ ਵਿਧਾਇਕ ਅਜੀਤਇੰਦਰ ਮੋਫਰ ਤੇ ਕਰਨ ਬਰਾੜ, ਵਿਧਾਇਕ ਕੁਸ਼ਲਦੀਪ ਢਿੱਲੋਂ, ਦਰਸ਼ਨ ਬਰਾੜ ਤੇ ਦਵਿੰਦਰ ਘੁਬਾਇਆ ਪ੍ਰਚਾਰ ’ਚ ਜੁਟੇ ਹੋਏ ਹਨ।
ਸ਼੍ਰੋਮਣੀ ਅਕਾਲੀ ਦਲ ਤਰਫ਼ੋਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਐੱਮ.ਪੀ ਬਲਵਿੰਦਰ ਸਿੰਘ ਭੂੰਦੜ, ਜਥੇਦਾਰ ਤੋਤਾ ਸਿੰਘ ਤੇ ਜਨਮੇਜਾ ਸਿੰਘ ਸੇਖੋਂ, ਸਾਬਕਾ ਮੁੱਖ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ, ਵਿਧਾਇਕ ਰੋਜ਼ੀ ਬਰਕੰਦੀ ਤੇ ਮਨਤਾਰ ਬਰਾੜ ਚੋਣ ਪ੍ਰਚਾਰ ਕਰ ਰਹੇ ਹਨ। ‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੋ ਦਿਨਾਂ ਤੋਂ ਬਠਿੰਡਾ ਮਾਨਸਾ ਵਿੱਚ ਦਰਜਨਾਂ ਚੋਣ ਜਲਸੇ ਕੀਤੇ ਹਨ ਅਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਤੇ ਰੁਪਿੰਦਰ ਰੂਬੀ ਸਮੇਤ ‘ਆਪ’ ਦੇ ਬਾਗੀ ਵਿਧਾਇਕ ਵੀ ਮੈਦਾਨ ਵਿੱਚ ਕੁੱਦੇ ਹੋਏ ਹਨ। ਜ਼ਿਲ੍ਹਾ ਫ਼ਰੀਦਕੋਟ ਵਿੱਚ ਖ਼ਾਸ ਤੌਰ ’ਤੇ ਬੇਅਦਬੀ ਦਾ ਮੁੱਦਾ ਚੋਣਾਂ ਵਿੱਚ ਛਾਇਆ ਹੋਇਆ ਹੈ।
ਕਾਂਗਰਸੀ ਲੀਡਰਾਂ ਵੱਲੋਂ ਅਕਾਲੀ ਦਲ ਨੂੰ ਰਗੜਾ ਲਾਉਣ ਲਈ ਬੇਅਦਬੀ, ਨਸ਼ਿਆਂ ਦਾ ਪਸਾਰਾ ਤੇ ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ਉਭਾਰੇ ਜਾ ਰਹੇ ਹਨ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੈਪਟਨ ਹਕੂਮਤ ਦੇ ਹਰ ਫਰੰਟ ’ਤੇ ਫ਼ੇਲ੍ਹ ਰਹਿਣ ਦੀ ਗੱਲ ਕੀਤੀ ਜਾ ਰਹੀ ਹੈ। ‘ਆਪ’ ਵੱਲੋਂ ਦੋਵੇਂ ਆਗੂਆਂ ਨੂੰ ਹੀ ਇੱਕ ਥਾਲ਼ੀ ਦੇ ਚੱਟੇ ਵੱਟੇ ਦੱਸਿਆ ਜਾ ਰਿਹਾ ਹੈ। ਜ਼ਿਲ੍ਹਾ ਮੁਕਤਸਰ ਵਿੱਚ ਦੋ ਵੱਕਾਰੀ ਸੀਟਾਂ ਹਨ। ਜ਼ਿਲ੍ਹਾ ਪਰਿਸ਼ਦ ਦੇ ਉਦੇਕਰਨ ਜ਼ੋਨ ਤੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਲੜਕਾ ਮਨਜਿੰਦਰ ਸਿੰਘ ਚੋਣ ਮੈਦਾਨ ਵਿਚ ਹੈ, ਉਨ੍ਹਾਂ ਦਾ ਵੱਕਾਰ ਦਾਅ ’ਤੇ ਲੱਗਾ ਹੋਇਆ ਹੈ। ਦੂਸਰਾ ਕਿੱਲਿਆਂਵਾਲੀ ਜ਼ੋਨ ਤੋਂ ਬਾਦਲਾਂ ਦਾ ਨੇੜਲਾ ਤੇਜਿੰਦਰ ਮਿੱਡੂਖੇੜਾ ਚੋਣ ਲੜ ਰਿਹਾ ਹੈ।
ਭੁੱਚੋ ਕਲਾਂ ਤੋਂ ਕਾਂਗਰਸੀ ਵਿਧਾਇਕ ਪ੍ਰੀਤਮ ਕੋਟਭਾਈ ਦਾ ਪਤਨੀ ਮਹਿੰਦਰ ਕੌਰ ਮੁਕਤਸਰ ਪਰਿਸ਼ਦ ਦੇ ਜ਼ੋਨ ਕੋਟਭਾਈ ਤੋਂ ਚੋਣ ਲੜ ਰਹੀ ਹੈ। ਵਿਧਾਇਕ ਰਾਜਾ ਵੜਿੰਗ ਦਾ ਨੇੜਲਾ ਨਰਿੰਦਰ ਸਿੰਘ ਕਾਉਣੀ ਜ਼ੋਨ ਤੋਂ ਖੜ੍ਹਾ ਹੈ, ਜਿਨ੍ਹਾਂ ਦੀ ਅੱਖ ਚੇਅਰਮੈਨੀ ’ਤੇ ਹੈ। ਬਠਿੰਡਾ ਜ਼ਿਲ੍ਹੇ ਵਿੱਚ ਕੋਈ ਵੱਡਾ ਚਿਹਰਾ ਮੈਦਾਨ ਵਿਚ ਨਹੀਂ ਹੈ। ਉਂਜ, ਐਤਕੀਂ ਬਠਿੰਡਾ ਪਰਿਸ਼ਦ ਦੀ ਚੇਅਰਮੈਨੀ ਜਨਰਲ ਵਰਗ ਦੀ ਔਰਤ ਨੂੰ ਮਿਲੇਗੀ ਜਾਂ ਫਿਰ ਕਿਸੇ ਦਲਿਤ ਵਰਗ ਦੇ ਵਿਅਕਤੀ ਨੂੰ। ਸੰਗਤ ਇਲਾਕੇ ਦੇ ਕਾਂਗਰਸੀ ਨੇਤਾ ਆਪਣੀ ਪਾਰਟੀ ਦੇ ਹੀ ਉਮੀਦਵਾਰਾਂ ਦੀ ਪਿੱਠ ਲਵਾਉਣ ਲਈ ਡੰਡ-ਬੈਠਕਾਂ ਮਾਰ ਰਹੇ ਹਨ। ਫ਼ਿਰੋਜ਼ਪੁਰ ਜ਼ਿਲ੍ਹੇ ਤੋਂ ਕਾਂਗਰਸੀ ਵਿਧਾਇਕ ਸਤਿਕਾਰ ਕੌਰ ਦਾ ਪਤੀ ਲਾਡੀ ਗਹਿਰੀ ਚੋਣ ਮੈਦਾਨ ਵਿੱਚ ਹੈ।
ਫ਼ਾਜ਼ਿਲਕਾ ਵਿੱਚ ਖੇਡ ਮੰਤਰੀ ਰਾਣਾ ਸੋਢੀ ਦਾ ਪੀਏ ਨਸੀਬ ਸਿੰਘ ਚੋਣ ਮੈਦਾਨ ਵਿੱਚ ਹੈ। ਦੋ ਵਜ਼ੀਰਾਂ ਮਹਿੰਦਰ ਰਿਣਵਾਂ ਅਤੇ ਹੰਸ ਰਾਜ ਜੋਸ਼ਨ ਦੇ ਲੜਕੇ ਵੀ ਚੋਣ ਲੜ ਰਹੇ ਹਨ। ਐੱਮਪੀ ਸ਼ੇਰ ਸਿੰਘ ਘੁਬਾਇਆ ਕਿਧਰੇ ਨਹੀਂ ਜਾ ਰਹੇ। ਇਸ ਵਾਰ ਬੈਨਰ, ਝੰਡੀਆਂ, ਪੋਸਟਰ ਬਹੁਤੇ ਨਜ਼ਰ ਨਹੀਂ ਪੈ ਰਹੇ ਹਨ। ਮੋਗਾ ਜ਼ਿਲ੍ਹੇ ਵਿੱਚ ਜਥੇਦਾਰ ਤੋਤਾ ਸਿੰਘ ਅਤੇ ਕਾਂਗਰਸੀ ਵਿਧਾਇਕ ਦਰਸ਼ਨ ਬਰਾੜ ਜੁਟੇ ਹੋਏ ਹਨ। ਮੋਗਾ ਪਰਿਸ਼ਦ ਦੇ ਤਖ਼ਤੂਪੁਰਾ ਜ਼ੋਨ ਤੋਂ ਕੈਪਟਨ ਦਾ ਨੇੜਲਾ ਜਗਰੂਪ ਸਿੰਘ ਤਖ਼ਤੂਪੁਰਾ ਚੋਣ ਲੜ ਰਿਹਾ ਹੈ ਅਤੇ ਕਾਂਗਰਸ ਦਾ ਬਾਗ਼ੀ ਪਰਮਜੀਤ ਨੰਗਲ ਵੀ ਮੈਦਾਨ ਵਿੱਚ ਹੈ।
ਫ਼ਰੀਦਕੋਟ ਜ਼ਿਲ੍ਹੇ ਦੇ ਬੇਅਦਬੀ ਵਾਲੇ ਮਾਮਲੇ ਤੋਂ ਲੋਕਾਂ ਵਿੱਚ ਕਾਫ਼ੀ ਰੋਸ ਹੈ। ਕੋਟਕਪੂਰਾ ਅਤੇ ਜੈਤੋ ਵਿਧਾਨ ਸਭਾ ਹਲਕੇ ਵਿੱਚ ਅਕਾਲੀ ਦਲ ਲਈ ਰਾਹ ਔਖੇ ਹਨ। ਜ਼ਿਲ੍ਹੇ ਦੇ ਗੋਲੇਵਾਲਾ ਅਤੇ ਦੀਪ ਸਿੰਘ ਵਾਲਾ ਜ਼ੋਨ ਦੇ ਉਮੀਦਵਾਰਾਂ ਵਿੱਚ ਮੁਕਾਬਲਾ ਰੋਮਾਂਚਿਕ ਹੈ। ਮਾਨਸਾ ਜ਼ਿਲ੍ਹੇ ਵਿੱਚ ਮਰਹੂਮ ਸਾਬਕਾ ਮੰਤਰੀ ਸ਼ੇਰ ਸਿੰਘ ਗਾਗੋਵਾਲ ਅਤੇ ਮਰਹੂਮ ਮੰਤਰੀ ਬਲਦੇਵ ਸਿੰਘ ਖ਼ਿਆਲਾ ਦੇ ਪੋਤੇ ਚੋਣ ਮੈਦਾਨ ਵਿੱਚ ਹਨ। ਇਸੇ ਤਰ੍ਹਾਂ ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ ਬਿਕਰਮ ਮੋਫਰ ਅੱਕਾਂਵਾਲੀ ਜ਼ੋਨ ਤੋਂ ਚੋਣ ਲੜ ਰਿਹਾ ਹੈ। ਬਿਕਰਮ ਮੋਫਰ ਦੀ ਅੱਖ ਚੇਅਰਮੈਨੀ ’ਤੇ ਹੈ। ਦੂਸਰੀ ਤਰਫ਼ ਬਲਵਿੰਦਰ ਸਿੰਘ ਭੂੰਦੜ ਨੇ ਵੀ ਬਾਕੀ ਕੰਮ ਛੱਡ ਕੇ ਚੋਣ ਪ੍ਰਚਾਰ ਦਾ ਲੜ ਫੜਿਆ ਹੈ। ਉਨ੍ਹਾਂ ਨੇ ਤਾਂ ਧਾਰਮਿਕ ਸਜ਼ਾ ਵੀ 20 ਸਤੰਬਰ ਤੱਕ ਮੁਲਤਵੀ ਕਰਾ ਲਈ ਹੈ।