ਐਡੀਲੇਡ, 15 ਜਨਵਰੀ
ਭਾਰਤ ਨੂੰ ਤਿੰਨ ਇੱਕ ਰੋਜ਼ਾ ਕ੍ਰਿਕਟ ਲੜੀ ’ਤੇ ਕਬਜ਼ਾ ਕਰਨ ਲਈ ਮੇਜ਼ਬਾਨ ਆਸਟਰੇਲੀਆ ਤੋਂ ਮੰਗਲਵਾਰ ਨੂੰ ਦੂਜਾ ਮੈਚ ਹਰ ਹਾਲ ਜਿੱਤਣਾ ਹੋਵੇਗਾ। ਮਹਿਮਾਨ ਟੀਮ ਰੋਹਿਤ ਸ਼ਰਮਾ ਦੇ 22ਵੇਂ ਇੱਕ ਰੋਜ਼ਾ ਸੈਂਕੜੇ ਦੇ ਬਾਵਜੂਦ ਪਹਿਲਾ ਮੈਚ 34 ਦੌੜਾਂ ਨਾਲ ਹਾਰ ਗਈ ਸੀ। ਭਾਰਤ ਲਈ ਮਹਿੰਦਰ ਸਿੰਘ ਧੋਨੀ ਦੀ ਖ਼ਰਾਬ ਲੈਅ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ, ਜਿਸ ਨੇ ਇਸ ਮੈਚ ਦੀਆਂ 96 ਗੇਂਦਾਂ ਵਿੱਚ 51 ਦੌੜਾਂ ਬਣਾਈਆਂ ਸਨ। ਅਨੁਸ਼ਾਸਨੀ ਕਾਰਨਾਂ ਕਰਕੇ ਹਾਰਦਿਕ ਪੰਡਿਆ ਨੂੰ ਅਚਾਨਕ ਟੀਮ ਤੋਂ ਬਾਹਰ ਕਰਨ ਨਾਲ ਵੀ ਬੱਲੇਬਾਜ਼ੀ ਦਾ ਸੰਤੁਲਨ ਵਿਗੜ ਗਿਆ ਹੈ।
ਧੋਨੀ ਦੀ ਹੌਲੀ ਪਾਰੀ ਨਾਲ ਬੱਲੇਬਾਜ਼ੀ ਕ੍ਰਮ ਵਿੱਚ ਬਦਲਾਅ ਦੀ ਸੰਭਾਵਨਾ ਹੈ। ਇਸ ਸਮੇਂ ਧੋਨੀ ਪੰਜਵੇਂ ਨੰਬਰ ’ਤੇ ਉਤਰਦਾ ਹੈ, ਜਦੋਂਕਿ ਉਪ ਕਪਤਾਨ ਰੋਹਿਤ ਦਾ ਮੰਨਣਾ ਹੈ ਕਿ ਉਸ ਨੂੰ ਉਪਰ ਆਉਣਾ ਚਾਹੀਦਾ ਹੈ। ਭਾਰਤੀ ਟੀਮ ਦੇ ਅਭਿਆਸ ਸੈਸ਼ਨ ਨੂੰ ਵੇਖ ਕੇ ਹਾਲਾਂਕਿ ਸਪਸ਼ਟ ਹੈ ਕਿ ਟੀਮ ਬੱਲੇਬਾਜ਼ੀ ਕ੍ਰਮ ਵਿੱਚ ਇਸ ਸਮੇਂ ਬਦਲਾਅ ਨਹੀਂ ਕਰੇਗੀ।
ਸਿਡਨੀ ਕ੍ਰਿਕਟ ਮੈਦਾਨ ’ਤੇ ਧੋਨੀ ਨੂੰ ਪਾਰੀ ਦੇ ਚੌਥੇ ਓਵਰ ਵਿੱਚ ਹੀ ਉਤਰਨਾ ਪਿਆ, ਜੋ ਘੱਟ ਹੀ ਵਾਪਰਦਾ ਹੈ। ਪਿਛਲੇ ਦੋ ਸਾਲਾਂ ਤੋਂ ਰੋਹਿਤ, ਸ਼ਿਖਰ ਧਵਨ ਅਤੇ ਵਿਰਾਟ ਕੋਹਲੀ ਦਾ ਪ੍ਰਦਰਸ਼ਨ ਇੰਨ੍ਹਾਂ ਚੰਗਾ ਰਿਹਾ ਕਿ ਧੋਨੀ ਨੂੰ ਕਦੇ ਛੇਤੀ ਨਹੀਂ ਆਉਣਾ ਪਿਆ। ਚੌਥੇ ਨੰਬਰ ’ਤੇ ਧੋਨੀ ਦਾ ਬੱਲੇਬਾਜ਼ੀ ਔਸਤ 52.95 ਹੈ, ਜੋ ਮੌਜੂਦਾ ਔਸਤ 50.11 ਤੋਂ ਵੱਧ ਹੈ। ਪੰਜਵੇਂ ਨੰਬਰ ’ਤੇ ਉਸ ਦਾ ਔਸਤ 50.70 ਅਤੇ ਛੇਵੇਂ ’ਤੇ 46.33 ਰਿਹਾ ਹੈ, ਪਰ ਹੇਠਲੇ ਕ੍ਰਮ ’ਤੇ ਔਸਤ ਤੋਂ ਵੱਧ ਸਟਰਾਈਕ ਰੇਟ ਮਹੱਤਵਪੂਰਨ ਹੁੰਦੀ ਹੈ। ਧੋਨੀ ਦਾ ਚੌਥੇ ਨੰਬਰ ’ਤੇ ਸਟਰਾਈਕ ਰੇਟ 94.21 ਹੈ, ਜੋ ਉਸ ਦੇ ਕਰੀਅਰ ਦੇ ਸਟਰਾਈਕ ਰੇਟ 87.60 ਤੋਂ ਬਿਹਤਰ ਹੈ।
ਭਾਰਤ ਨੇ ਆਸਟਰੇਲੀਆ ਵਿੱਚ ਪਿਛਲਾ ਇੱਕ ਰੋਜ਼ਾ ਮੈਚ ਜਨਵਰੀ 2016 ਵਿੱਚ ਖੇਡਿਆ, ਜਿਸ ਵਿੱਚ ਧੋਨੀ ਨੇ ਚੌਥੇ ਨੰਬਰ ’ਤੇ ਦੋ ਮੈਚਾਂ ਵਿੱਚ 18 ਦੌੜਾਂ ਬਣਾਈਆਂ ਸਨ। ਉਸ ਲੜੀ ਮਗਰੋਂ ਧੋਨੀ ਨੇ ਅੱਠ ਇੱਕ ਰੋਜ਼ਾ ਵਿੱਚ ਚੌਥੇ ਨੰਬਰ ’ਤੇ ਬੱਲੇਬਾਜ਼ੀ ਕੀਤੀ ਹੈ। ਉਸ ਦਾ ਔਸਤ 24.75 ਰਿਹਾ, ਜਦਕਿ ਸਟਰਾਈਕ ਰੇਟ 77.34 ਰਿਹਾ ਹੈ।
ਦੂਜੇ ਇੱਕ ਰੋਜ਼ਾ ਤੋਂ ਪਹਿਲਾਂ ਸੰਭਾਵੀ ਟੀਮ ਦਾ ਐਲਾਨ ਨਹੀਂ ਕੀਤਾ ਗਿਆ। ਹਰਫ਼ਨਮੌਲਾ ਵਿਜੈ ਸ਼ੰਕਰ ਸ਼ਾਇਦ ਚੋਣ ਲਈ ਮੌਜੂਦ ਨਹੀਂ ਹੋਵੇਗਾ। ਹਾਰਦਿਕ ਦੀ ਗੈਰ-ਮੌਜੂਦਗੀ ਵਿੱਚ ਟੀਮ ਦਾ ਸੰਤੁਲਨ ਬਣਾਈ ਰੱਖਣਾ ਵੱਡੀ ਚੁਣੌਤੀ ਹੋਵੇਗੀ। ਵਿਦੇਸ਼ ਵਿੱਚ ਉਸ ਦੇ ਨਾ ਹੋਣ ਕਾਰਨ ਟੀਮ ਦੇ ਪ੍ਰਦਰਸ਼ਨ ’ਤੇ ਅਸਰ ਪਵੇਗਾ। ਸ਼ੱਕੀ ਗੇਂਦਬਾਜ਼ੀ ਦੀ ਸ਼ਿਕਾਇਤ ਦੇ ਬਾਵਜੂਦ ਅੰਬਾਤੀ ਰਾਇਡੂ ਕੌਮਾਂਤਰੀ ਕ੍ਰਿਕਟ ਵਿੱਚ ਗੇਂਦਬਾਜ਼ੀ ਕਰ ਸਕਦਾ ਹੈ। ਹੁਣ ਵੇਖਣਾ ਇਹ ਹੈ ਕਿ ਟੀਮ ਪ੍ਰਬੰਧਕ ਕਮੇਟੀ ਕੀ ਕਰਦੀ ਹੈ। ਕੇਦਾਰ ਜਾਧਵ ਬਦਲ ਹੋ ਸਕਦਾ ਹੈ ਅਤੇ ਦਿਨੇਸ਼ ਕਾਰਤਿਕ ਦੀ ਥਾਂ ਉਸ ਨੂੰ ਟੀਮ ਵਿੱਚ ਲਿਆ ਜਾ ਸਕਦਾ ਹੈ। ਹਾਲਾਂਕਿ ਭਾਰਤ ਦੇ ਪ੍ਰਦਰਸ਼ਨ ਦਾ ਕੇਂਦਰ ਸੀਨੀਅਰ ਤਿੰਨ ਬੱਲੇਬਾਜ਼ਾਂ ’ਤੇ ਹੋਵੇਗਾ।