ਮੁੰਬਈ, 24 ਫਰਵਰੀ
ਲੀਵਾ ਮਿਸ ਦੀਵਾ ਯੂਨੀਵਰਸ 2020 ਮੁਕਾਬਲੇ ਵਿੱਚ ਐਡਲਿਨ ਕੈਸਟੇਲੀਨੋ ਜੇਤੂ ਰਹੀ। ਵਾਈਆਰਐੱਫ ਸਟੂਡੀਓਜ਼ ’ਚ ਹੋਏ ਇਸ ਸਬੰਧੀ ਪ੍ਰੋਗਰਾਮ ਦੌਰਾਨ ਮੰਗਲੌਰ ਦੀ ਰਹਿਣ ਵਾਲੀ ਕੈਸਟੇਲੀਨੋ ਨੂੰ ਇਹ ਤਾਜ ਪਿਛਲੇ ਸਾਲ ਦੀ ਜੇਤੂ ਵਰਤਿਕਾ ਸਿੰਘ ਨੇ ਪਹਿਨਾਇਆ। ਕੈਸਟੇਲੀਨੋ ਤੋਂ ਬਾਅਦ ਜਬਲਪੁਰ ਦੀ ਰਹਿਣ ਵਾਲੀ ਆਵਰਿਤੀ ਚੌਧਰੀ ਨੂੰ ਮਿਸ ਦੀਵਾ ਸੁਪਰਨੈਸ਼ਨਲ ਦਾ ਖ਼ਿਤਾਬ ਪਿਛਲੇ ਸਾਲ ਦੀ ਖ਼ਿਤਾਬ ਦੀ ਜੇਤੂ ਸ਼ੈਫਾਲੀ ਸੂਦ ਨੇ ਪਹਿਨਾਇਆ। ਪੁਣੇ ਦੀ ਨੇਹਾ ਜੈਸਵਾਲ ਨੂੰ ਮਿਸ ਦੀਵਾ ਰਨਰਅੱਪ ਦਾ ਖ਼ਿਤਾਬ ਰੋਸ਼ਨੀ ਸ਼ਿਓਰਾਨ ਨੇ ਪਹਿਨਾਇਆ।
ਜ਼ਿਕਰਯੋਗ ਹੈ ਕਿ ਇਸ ਸਾਲ ਹੋਣ ਵਾਲੇ ‘ਬ੍ਰਹਮੰਡ ਸੁੰਦਰੀ’ ਦੇ ਮੁਕਾਬਲੇ ਵਿੱਚ ਕੈਸਟੇਲੀਨੋ ਦੇਸ਼ ਦੀ ਨੁਮਾਇੰਦਗੀ ਕਰੇਗੀ, ਜਦੋਂਕਿ ਆਵਰਿਤੀ ਚੌਧਰੀ ਮਿਸ ਸੁਪਰਨੈਸ਼ਨਲ ਮੁਕਾਬਲੇ ਵਿੱਚ ਦੇਸ਼ ਦੀ ਨੁਮਾਇੰਦਗੀ ਕਰੇਗੀ। ਇਸ ਮੁਕਾਬਲੇ ਦੇ ਜੱਜਾਂ ਵਿੱਚ ਸਾਬਕਾ ਬ੍ਰਹਮੰਡ ਸੁੰਦਰੀ ਲਾਰਾ ਦੱਤਾ, ਐਂਟੋਨੀਓ ਪੋਰਸਿਲਡ, ਆਸ਼ਾ ਭੱਟ, ਡਿਜ਼ਾਈਨਰ ਸ਼ਿਵਾਨੀ ਭਾਟੀਆ, ਨਰੇਸ਼ ਕੁਕਰੇਜਾ ਤੇ ਨਿਖ਼ਿਲ ਮਹਿਰਾ ਅਤੇ ਅਦਾਕਾਰਾ ਯਾਮੀ ਗੌਤਮ, ਅਦਾਕਾਰ ਆਦਿੱਤਿਆ ਰਾਏ ਕਪੂਰ ਤੇ ਅਨਿਲ ਕਪੂਰ ਸ਼ਾਮਲ ਸਨ।
ਇਸ ਮੌਕੇ ਗੱਲਬਾਤ ਦੌਰਾਨ ਲਾਰਾ ਦੱਤਾ ਨੇ ਕਿਹਾ, ‘‘ਇਹ ਵਧੀਆ ਸਫ਼ਰ ਹੈ। ਸਾਰੀਆਂ ਕੁੜੀਆਂ ਜੇਤੂ ਹਨ, ਹਾਲਾਂਕਿ ਜੇਤੂ ਸਿਰਫ਼ ਇਕ ਹੀ ਹੋ ਸਕਦੀ ਹੈ। ਜੱਜਾਂ ਲਈ ਇਨ੍ਹਾਂ ਸਾਰੀਆਂ ਸੋਹਣੀਆਂ ਕੁੜੀਆਂ ’ਚੋਂ ਕਿਸੇ ਇਕ ਨੂੰ ਚੁਣਨਾ ਕਾਫੀ ਮੁਸ਼ਕਿਲ ਸੀ। ਜਿਸ ਇਕ ਨੂੰ ਜੇਤੂ ਚੁਣਿਆ ਗਿਆ ਉਹ ਅਸਲ ਵਿੱਚ ਹੀ ਇਸ ਦੀ ਹੱਕਦਾਰ ਸੀ।’’ ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਲਈ ਲੰਘੇ ਨਵੰਬਰ ਮਹੀਨੇ ਵਿੱਚ ਦੇਸ਼ ਦੇ ਦਸ ਵੱਡੇ ਸ਼ਹਿਰਾਂ ਲਖਨਊ, ਕੋਲਕਾਤਾ, ਇੰਦੌਰ, ਹੈਦਰਾਬਾਦ, ਪੁਣੇ, ਅਹਿਮਦਾਬਾਦ, ਬੰਗਲੌਰ, ਚੰਡੀਗੜ੍ਹ, ਚੇਨੱਈ ਤੇ ਦਿੱਲੀ ’ਚ ਆਡੀਸ਼ਨ ਹੋਏ ਸਨ, ਜਦੋਂਕਿ ਫਾਈਨਲ ਆਡੀਸ਼ਨ ਦਸੰਬਰ 2019 ’ਚ ਮੁੰਬਈ ’ਚ ਹੋਏ ਸਨ, ਜਿਸ ਲਈ 20 ਲੜਕੀਆਂ ਚੁਣੀਆਂ ਗਈਆਂ ਸਨ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਸਾਲ ਬ੍ਰਹਮਾਂਡ ਸੁੰਦਰੀ ਦਾ ਤਾਜ ਸਾਡੇ ਦੇਸ਼ ਵਿੱਚ ਆਵੇਗਾ।