ਐਟਲਾਂਟਾ, 22 ਨਵੰਬਰ
ਐਟਲਾਂਟਾ ਹਵਾਈ ਅੱਡੇ ’ਤੇ ਤਲਾਸ਼ੀ ਦੌਰਾਨ ਇਕ ਬੰਦੂਕ ਵਿਚੋਂ ਅਚਾਨਕ ਗੋਲੀ ਚੱਲਣ ਕਾਰਨ ਅਫ਼ਰਾ-ਤਫ਼ਰੀ ਮਚ ਗਈ। ਇਕ ਯਾਤਰੀ ਸੁਰੱਖਿਆ ਨਾਕੇ ’ਤੇ ਤਲਾਸ਼ੀ ਦੀ ਉਡੀਕ ਕਰ ਰਿਹਾ ਸੀ ਤੇ ਉਸ ਨੇ ਬੈਗ ਵਿਚ ਹਥਿਆਰ ਲੁਕੋਇਆ ਹੋਇਆ ਸੀ। ਜਦ ਇਹ ਸਕੈਨਰ ਵਿਚ ਆ ਗਿਆ ਤੇ ਉਸ ਨੇ ਇਸ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਤੇ ਇਹ ਚੱਲ ਪਿਆ। ਇਸ ਤੋਂ ਬਾਅਦ ਹਵਾਈ ਅੱਡੇ ’ਤੇ ਭਗਦੜ ਮੱਚ ਗਈ। ਇਸ ਕਾਰਨ ਕੁਝ ਦੇਰ ਲਈ ਉਡਾਣਾਂ ਰੋਕਣੀਆਂ ਪਈਆਂ। ਇਸ ਦੌਰਾਨ ਵਿਅਕਤੀ ਉੱਥੋਂ ਫਰਾਰ ਹੋ ਗਿਆ। ਵਿਅਕਤੀ ਦੀ ਸ਼ਨਾਖ਼ਤ 42 ਸਾਲਾ ਕੈਨੀ ਵੈੱਲਜ਼ ਵਜੋਂ ਹੋਈ ਹੈ।
ਪੁਲੀਸ ਨੇ ਕਿਹਾ ਕਿ ਮੁਲਜ਼ਮ ਉਤੇ ਯਾਤਰੀ ਹਵਾਈ ਅੱਡੇ ’ਤੇ ਹਥਿਆਰ ਲੁਕੋ ਕੇ ਲਿਆਉਣ ਸਣੇ ਹੋਰ ਦੋਸ਼ਾਂ ਲਈ ਧਾਰਾਵਾਂ ਲਾਈਆਂ ਗਈਆਂ ਹਨ। ਉਸ ਦੇ ਖ਼ਿਲਾਫ਼ ਵਾਰੰਟ ਕੱਢਿਆ ਗਿਆ ਹੈ। ਹਵਾਈ ਅੱਡੇ ਦੇ ਪ੍ਰਸ਼ਾਸਨ ਮੁਤਾਬਕ ਤਿੰਨ ਜਣਿਆਂ ਦੇ ਹਲਕੀਆਂ ਸੱਟਾਂ ਲੱਗੀਆਂ ਹਨ। ਹਾਲਾਂਕਿ ਕਿਸੇ ਦੇ ਗੋਲੀ ਲੱਗਣ ਤੋਂ ਬਚਾਅ ਰਿਹਾ।