ਨਿਊਯਾਰਕ, 28 ਮਈ
ਅਮਰੀਕਾ ਦੀਆਂ ਦੋ ਸੰਸਦ ਮੈਂਬਰਾਂ ਨੇ ਇਕ ਬਿੱਲ ਪੇਸ਼ ਕੀਤਾ ਹੈ ਜਿਸ ਤਹਿਤ ਸਾਬਕਾ ਫ਼ੌਜੀਆਂ ਦੇ ਮਾਮਲਿਆਂ ਬਾਰੇ ਵਿਭਾਗ ਨੂੰ ਐਚ-1ਬੀ ਵੀਜ਼ਿਆਂ ਉਤੇ ਆਏ ਵਿਦੇਸ਼ੀ ਕਰਮੀਆਂ ਨੂੰ ਨੌਕਰੀ ’ਤੇ ਰੱਖਣਾ ਸੌਖਾ ਹੋਵੇਗਾ। ਬਿੱਲ ਵਿਚ ਤਜਵੀਜ਼ ਹੈ ਕਿ ਜੇਕਰ ਦੇਸ਼ ਵਿਚ ਢੁੱਕਵਾਂ ਅਰਜ਼ੀਕਰਤਾ ਨਹੀਂ ਮਿਲਦਾ ਤਾਂ ਵਿਭਾਗ ਐਚ-1ਬੀ ਵੀਜ਼ਾ ਧਾਰਕ ਨੂੰ ਰੱਖ ਸਕਦਾ ਹੈ। ਇਹ ਬਿੱਲ ਰਸ਼ੀਦਾ ਤਲੈਬ ਤੇ ਡੇਲੀਆ ਰਾਮੀਰੇਜ਼ ਨੇ ਪੇਸ਼ ਕੀਤਾ ਹੈ। ਇਸ ਦਾ ਮੰਤਵ ਅਮਰੀਕਾ ਵਿਚ ਸਿਹਤ-ਸੰਭਾਲ ਖੇਤਰ ਵਿਚ ਕਾਮਿਆਂ ਦੀ ਕਮੀ ਨੂੰ ਘਟਾਉਣਾ ਹੈ। ਕਮੀ ਨੂੰ ਪੂਰਨ ਲਈ ਆਵਾਸੀ ਸਿਹਤ ਵਰਕਰਾਂ, ਜਿਨ੍ਹਾਂ ਕੋਲ ਐਚ-1ਬੀ ਵੀਜ਼ਾ ਹੈ, ਨੂੰ ਸਾਬਕਾ ਫ਼ੌਜੀਆਂ ਨਾਲ ਸਬੰਧਤ ਇਨ੍ਹਾਂ ਸੇਵਾਵਾਂ ਦੀ ਪੇਸ਼ਕਸ਼ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਐਚ-1ਬੀ ਵੀਜ਼ਾ ਦੀ ਗਿਣਤੀ ਸੀਮਤ ਹੋਣ ਕਾਰਨ ਅਜਿਹੀਆਂ ਸੇਵਾਵਾਂ ਲਈ ਵਿਭਾਗ ਨੂੰ ਕਾਮੇ ਰੱਖਣ ਵਿਚ ਮੁਸ਼ਕਲ ਆ ਰਹੀ ਹੈ।