ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਧਾਇਕ ਰਮਨ ਅਰੋੜਾ ਸਬੰਧੀ ਵਿਜੀਲੈਂਸ ਜਾਂਚ ਤੇਜ਼ ਹੋ ਗਈ ਹੈ। ਸੂਤਰਾਂ ਮੁਤਾਬਕ ਵਿਜੀਲੈਂਸ ਟੀਮ ਨੇ ਰਮਨ ਅਰੋੜਾ ਨੂੰ ਨਾਲ ਲੈ ਕੇ ਸੋਮਵਾਰ ਨੂੰ ਉਸ ਦੇ ਕੁੜਮ ਰਾਜੂ ਮਦਾਨ ਦੇ ਘਰ ਛਾਪਾ ਮਾਰਿਆ। ਪਤਾ ਲੱਗਾ ਹੈ ਕਿ 4-5 ਵਿਜੀਲੈਂਸ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਗਈ।

ਜ਼ਿਕਰਯੋਗ ਹੈ ਕਿ ਗ੍ਰਿਫਤਾਰ MLA ਰਮਨ ਅਰੋੜਾ ਨੂੰ ਬੀਤੇ ਦਿਨੀਂ ਵਿਜੀਲੈਂਸ ਵੱਲੋਂ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਜਿਥੇ ਵਿਧਾਇਕ ਦਾ 5 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਸੀ। ਇਸ ਦੌਰਾਨ ਵਿਧਾਇਕ ਰਮਨ ਅਰੋੜਾ ਦੀ ਪੁੱਛਗਿਛ ਦੌਰਾਨ ਸਿਹਤ ਵਿਗੜ ਗਈ ਹੈ। ਪਤਾ ਲੱਗਾ ਹੈ ਕਿ ਉਸ ਨੂੰ ਬੀਤੀ ਰਾਤ ਪੱਥਰੀ ਦੇ ਦਰਦ ਕਰਕੇ ਹਸਪਤਾਲ ਲਿਆਂਦਾ ਗਿਆ। ਹਾਲਾਂਕਿ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਤੇ ਵਿਜੀਲੈਂਸ ਟੀਮ ਉਸ ਨੂੰ ਹਸਪਤਾਲ ਤੋਂ ਆਪਣੇ ਨਾਲ ਲੈ ਗਈ ਹੈ।
ਤੁਹਾਨੂੰ ਦੱਸ ਦੇਈਏ ਕਿ ਐਤਵਾਰ ਨੂੰ ਵੀ ਵਿਜੀਲੈਂਸ ਨੇ ਵਿਧਾਇਕ ਰਮਨ ਅਰੋੜਾ ਦੇ ਰਿਸ਼ਤੇਦਾਰ ਰਾਜੂ ਮਦਾਨ ਦੇ ਦਫ਼ਤਰ ‘ਤੇ ਛਾਪਾ ਮਾਰਿਆ ਸੀ। ਭਾਵੇਂ ਰਾਜੂ ਮਦਾਨ ਨਹੀਂ ਮਿਲਿਆ, ਪਰ ਵਿਜੀਲੈਂਸ ਟੀਮ ਆਪਣੀ ਸਾਰੀ ਜਾਂਚ ਪੂਰੀ ਕਰਕੇ ਵਾਪਸ ਆ ਗਈ। ਇਸ ਤੋਂ ਪਹਿਲਾਂ ਵੀ ਵਿਜੀਲੈਂਸ ਨੇ ਰਾਜੂ ਮਦਾਨ ਦੇ ਘਰ ਛਾਪਾ ਮਾਰਿਆ ਸੀ ਪਰ ਰਮਨ ਅਰੋੜਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਹ ਫਰਾਰ ਹੈ।

ਦੱਸ ਦੇਈਏ ਕਿ ਵਿਧਾਇਕ ਤੋਂ ਪੁੱਛਗਿਛ ਦੇ ਬਾਅਦ ਮਾਮਲੇ ਦੀ ਪਰਤਾਂ ਉਜਾਗਰ ਹੋ ਰਹੀਆਂ ਹਨ। ਨਗਰ ਨਿਗਮ ਦੇ ਬਿਲਡਿੰਗ ਬ੍ਰਾਂਚ ਦੇ ਸੁਖਦੇਵ ਵਸ਼ਿਸ਼ਟ ਵੱਲੋਂ ਘਰ ਦੇ ਪੇਪਰ ਬਾਹਰ ਚਿਪਕਾਏ ਜਾਂਦੇ ਹਨ ਤੇ ਜਾਅਲੀ ਨੋਟਿਸ ਦੀਆਂ ਕਾਪੀਆਂ ਵਿਧਾਇਕ ਦੇ ਘਰ ਤੋਂ ਬਰਾਮਦ ਕੀਤੀਆਂ ਜਾਂਦੀਆਂ ਹਨ ਤੇ ਵਿਜੀਲੈਂਸ ਦਾ ਇਹ ਵੀ ਮੰਨਣਾ ਹੈ ਕਿ ਨੋਟਿਸ ਰਮਨ ਅਰੋੜਾ ਵੱਲੋਂ ਉਕਸਾਉਣ ਦੇ ਬਾਅਦ ਹੀ ਚਿਪਕਾਇਆ ਗਿਆ ਸੀ।

ਇਸ ਤੋਂ ਬਾਬਤ ਇਹ ਵੀ ਖੁਲਾਸਾ ਹੋਇਆ ਕਿ ਨੋਟਿਸ ਨਗਰ ਨਿਗਮ ਦੇ ਡਾਇਰੀ ਨੰਬਰ ਤੋਂ ਬਿਨਾਂ ਘਰ ਦੇ ਬਾਹਰ ਚਿਪਕਾਏ ਗਏ ਸਨ। ਨੋਟਿਸ ਦੀ ਕਾਪੀ ਸਾਹਮਣੇ ਆਉਣ ਦੇ ਬਾਅਦ ਮਾਮਲਾ ਹੋਰ ਗੰਭੀਰ ਹੋ ਗਿਆ ਕਿਉਂਕਿ ਜਿਹੜੇ ਲੋਕਾਂ ਦੀਆਂ ਦੁਕਾਨਾਂ ਤੇ ਘਰਾਂ ਦੇ ਬਾਹਰ ਇਹ ਨੋਟਿਸ ਚਿਪਕਾਏ ਗਏ ਸਨ ਉਨ੍ਹਾਂ ਵੱਲੋਂ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਸਨ। ਜਲੰਧਰ ਨਗਰ ਨਿਗਮ ਵੱਲੋਂ ਵਿਧਾਇਕ ਰਮਨ ਅਰੋੜਾ ‘ਤੇ ਫਰਜ਼ੀ ਨੋਟਿਸ ਭੇਜੇ ਜਾਣ ਦੇ ਵੀ ਇਲਜਾਮ ਲਗਾਏ ਗਏ ਹਨ ਤੇ ਫਿਰ ਲੋਕਾਂ ਤੋਂ ਪੈਸੇ ਵਸੂਲ ਕੇ ਨੋਟਿਸ ਰੱਦ ਕਰ ਦਿੱਤੇ ਗਏ। ਜਿਸ ਕਰਕੇ ਰਮਨ ਅਰੋੜਾ ‘ਤੇ ਵਿਜੀਲੈਂਸ ਵੱਲੋਂ ਕਾਰਵਾਈ ਕੀਤੀ ਗਈ।