ਟੋਰਾਂਟੋ, 12 ਅਗਸਤ
ਸੇਰੇਨਾ ਵਿਲੀਅਮਜ਼ ਨੇ ਪਹਿਲਾ ਸੈੱਟ ਗੁਆਉਣ ਮਗਰੋਂ ਜ਼ੋਰਦਾਰ ਵਾਪਸੀ ਕਰਦਿਆਂ ਚੈੱਕ ਗਣਰਾਜ ਦੀ ਕੁਆਲੀਫਾਇਰ ਮੇਰੀ ਬੌਜ਼ਕੋਵਾ ਨੂੰ ਤਿੰਨ ਸੈੱਟ ਵਿੱਚ ਹਰਾ ਕੇ ਡਬਲਯੂਟੀਏ ਟੋਰਾਂਟੋ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿੱਚ ਥਾਂ ਬਣਾ ਲਈ। ਉਸ ਦਾ ਸਾਹਮਣਾ ਮੇਜ਼ਬਾਨ ਖਿਡਾਰਨ ਬਿਆਂਕਾ ਐਂਡਰੀਸਕੂ ਨਾਲ ਹੋਣਾ ਸੀ ਪਰ ਸੱਟ ਲੱਗਣ ਕਾਰਨ ਸੇਰੇਨਾ ਨੇ ਫਾਈਨਲ ਮੈਚ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਤਿੰਨ ਵਾਰ ਦੀ ਜੇਤੂ ਅਤੇ ਅੱਠਵਾਂ ਦਰਜਾ ਪ੍ਰਾਪਤ ਸੇਰੇਨਾ ਨੇ ਬੌਜ਼ਕੋਵਾ ਨੂੰ ਸੈਮੀ-ਫਾਈਨਲ ਵਿੱਚ 1-6, 6-3, 6-3 ਨਾਲ ਹਰਾਇਆ। ਆਸਟਰੇਲੀਆ ਓਪਨ 2017 ਨਾਲ ਆਪਣਾ 23ਵਾਂ ਗਰੈਂਡ ਸਲੈਮ ਜਿੱਤਣ ਮਗਰੋਂ ਸੇਰੇਨਾ ਨੂੰ ਆਪਣੇ ਪਹਿਲੇ ਖ਼ਿਤਾਬ ਦਾ ਇੰਤਜ਼ਾਰ ਸੀ। ਉਹ ਪਹਿਲੀ ਸਤੰਬਰ 2017 ਨੂੰ ਆਪਣੀ ਧੀ ਓਲੰਪੀਆ ਨੂੰ ਜਨਮ ਦੇਣ ਮਗਰੋਂ ਕੋਈ ਖ਼ਿਤਾਬ ਨਹੀਂ ਜਿੱਤ ਸਕੀ। ਯੂਐੱਸ ਓਪਨ ਦੀਆਂ ਤਿਆਰੀਆਂ ਵਿੱਚ ਲੱਗੀ ਸੇਰੇਨਾ ਕੋਲ ਟੋਰਾਂਟੋ ਓਪਨ ਦਾ ਖਿਤਾਬ ਜਿੱਤਣ ਦਾ ਮੌਕਾ ਸੀ ਜੋ ਉਸ ਦੇ ਹੱਥੋਂ ਲੰਘ ਗਿਆ। ਇਸ ਤੋਂ ਪਹਿਲਾਂ ਉਸ ਨੇ 2001, 2011 ਅਤੇ 2013 ਵਿੱਚ ਇਹ ਖ਼ਿਤਾਬ ਜਿੱਤਿਆ ਸੀ। ਇਸ ਦੌਰਾਨ 19 ਸਾਲ ਦੀ ਬਿਆਂਕਾ 50 ਸਾਲ ਵਿੱਚ ਇਸ ਟੂਰਨਾਮੈਂਟ ਨੂੰ ਜਿੱਤਣ ਵਾਲੀ ਕੈਨੇਡਾ ਦੀ ਪਹਿਲੀ ਖਿਡਾਰਨ ਬਣਨ ਦੇ ਇਰਾਦੇ ਨਾਲ ਉਤਰੇਗੀ।ਵਿੰਬਲਡਨ ਚੈਂਪੀਅਨ ਸਿਮੋਨਾ ਹਾਲੇਪ ਸੱਟ ਕਾਰਨ ਟੂਰਨਾਮੈਂਟ ਤੋਂ ਹਟ ਗਈ, ਇਸ ਲਈ ਬੌਜ਼ਕੋਵਾ ਨੂੰ ਅਗਲੇ ਗੇੜ ਵਿੱਚ ਪਹੁੰਚਣ ਦਾ ਮੌਕਾ ਮਿਲ ਗਿਆ ਸੀ, ਜਦੋਂਕਿ ਸੇਰੇਨਾ ਨੇ ਜਾਪਾਨੀ ਖਿਡਾਰਨ ਨਾਓਮੀ ਓਸਾਕਾ ਨੂੰ ਹਰਾ ਕੇ ਸੈਮੀ ਫਾਈਨਲ ਵਿੱਚ ਥਾਂ ਬਣਾਈ ਸੀ। ਸੇਰੇਨਾ ਨੂੰ ਬੀਤੇ ਸਾਲ ਯੂਐੱਸ ਓਪਨ ਦੇ ਵਿਵਾਦਤ ਫਾਈਨਲ ਮੈਚ ਵਿੱਚ ਜਾਪਾਨੀ ਖਿਡਾਰਨ ਓਸਾਕਾ ਤੋਂ ਹਾਰ ਝੱਲਣੀ ਪਈ ਸੀ।