ਢਾਕਾ,
ਭਾਰਤ ਨੇ ਸ਼ਾਨਦਾਰ ਫਾਰਮ ਜਾਰੀ ਰੱਖਦੇ ਹੋਏ 10ਵੇਂ ਪੁਰਸ਼ ਏਸ਼ੀਆ ਕੱਪ ਦੇ ਦੂਜੇ ਸੁਪਰ-4 ਮੁਕਾਬਲੇ ਵਿੱਚ ਮਲੇਸ਼ੀਆ ਨੂੰ 6-2 ਤੋਂ ਹਰਾ ਕੇ ਜੇਤੂ ਲੈਅ ਬਰਕਰਾਰ ਰੱਖੀ। ਹੁਣ ਭਾਰਤੀ ਟੀਮ ਆਪਣੇ ਤੀਜੇ ਤੇ ਆਖ਼ਰੀ ਸੁਪਰ-4 ਮੈਚ ਵਿੱਚ ਭਲਕੇ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨਾਲ ਭਿੜੇਗੀ।
ਭਾਰਤੀ ਸਟ੍ਰਾਈਕਰਾਂ ਨੇ ਮਲੇਸ਼ਿਆਈ ਡਿਫੈਂਸ ਨੂੰ ਤੋੜ ਕੇ ਹਮਲਾਵਰ ਹਾਕੀ ਖੇਡਦੇ ਹੋਏ ਛੋਟੇ ਪਾਸ ਲੈ ਕੇ ਬਿਹਤਰੀਨ ਖੇਡ ਦਿਖਾਇਆ ਅਤੇ ਪੰਜ ਖ਼ੂਬਸੂਰਤ ਮੈਦਾਨੀ ਗੋਲ ਕੀਤੇ। ਭਾਰਤ ਲਈ ਆਕਾਸ਼ਦੀਪ ਸਿੰਘ ਨੇ 15ਵੇਂ ਮਿੰਟ, ਐਸ ਕੇ ਉਥੱਪਾ ਨੇ 24ਵੇਂ ਮਿੰਟ, ਗੁਰਜੰਟ ਸਿੰਘ ਨੇ 33ਵੇਂ ਮਿੰਟ, ਐਸ ਵੀ ਸੁਨੀਲ ਨੇ 40ਵੇਂ ਮਿੰਟ ਅਤੇ ਸਰਦਾਰ ਸਿੰਘ ਨੇ 60ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਤਬਦੀਲ ਕੀਤਾ। ਮਲੇਸ਼ੀਆ ਦੇ ਗੋਲ ਰਜੀ ਰਹੀਮ (50ਵੇਂ ਮਿੰਟ) ਅਤੇ ਰਮਜਾਨ ਰੋਸਲੀ (59ਵੇਂ ਮਿੰਟ) ਨੇ ਕੀਤੇ।
ਭਾਰਤ ਨੇ ਇਸ ਜਿੱਤ ਨਾਲ ਇਸ ਸਾਲ ਅਜਲਾਨ ਸ਼ਾਹ ਕੱਪ ਵਿੱਚ 0-1 ਨਾਲ ਅਤੇ ਲੰਡਨ ਵਿੱਚ ਹਾਕੀ ਵਰਲਡ ਲੀਗ ਸੈਮੀ ਫਾਈਨਲ ਵਿੱਚ ਮਲੇਸ਼ੀਆ ਹੱਥੋਂ 2-3 ਨਾਲ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ ਹੈ। ਨਾਲ ਹੀ ਇਸ ਜਿੱਤ ਨਾਲ ਭਾਰਤ ਸੁਪਰ-4 ਗੇੜ ਦੇ ਸਿਖ਼ਰ ’ਤੇ ਪਹੁੰਚ ਗਿਆ ਹੈ। ਭਾਰਤੀਆਂ ਨੂੰ ਕੋਰੀਆ ਦੇ ਮਜ਼ਬੂਤ ਡਿਫੈਂਸ ਨੂੰ ਤੋੜਨ ਵਿੱਚ ਮੁਸ਼ਕਲ ਹੋ ਰਹੀ ਸੀ ਪਰ ਫਿਰ ਵੀ ਉਨ੍ਹਾਂ ਨੇ ਇਸ ਮੈਚ ਵਿੱਚ ਪੂਰਾ ਦਬਦਬਾ ਬਣਾਇਆ।