ਅਬੂਧਾਬੀ, 10 ਜਨਵਰੀ
ਥਾਈਲੈਂਡ ਉੱਤੇ ਜ਼ਬਰਦਸਤ ਜਿੱਤ ਨਾਲ ਪੂਰੀ ਤਰ੍ਹਾਂ ਹੌਸਲੇ ਨਾਲ ਭਰੀ ਭਾਰਤੀ ਫੁਟਬਾਲ ਟੀਮ ਦੀ ਟੱਕਰ ਭਲਕੇ ਸੰਯੁਕਤ ਅਰਬ ਅਮੀਰਾਤ ਦੇ ਨਾਲ ਹੋਵੇਗੀ। ਚਾਰ ਦਿਨ ਪਹਿਲਾਂ ਏਸ਼ੀਆ ਕੱਪ ਵਿਚ ਮਿਲੀ ਇਸ ਜਿੱਤ ਨੇ ਭਾਰਤੀ ਖਿਡਾਰੀਆਂ ਦੇ ਵਿਚ ਪੂਰਾ ਹੌਸਲਾ ਭਰ ਦਿੱਤਾ ਹੈ। ਖਿਡਾਰੀ ਮਜ਼ਬੂਤ ਮੇਜ਼ਬਾਨ ਸੰਯੁਕਤ ਅਰਬ ਅਮੀਰਾਤ ਦੇ ਨਾਲ ਟੱਕਰ ਲੈਣ ਲਈ ਤਿਆਰ ਹਨ। ਜੇ ਭਾਰਤੀ ਟੀਮ ਭਲਕੇ ਅਮੀਰਾਤ ਦੀ ਟੀਮ ਉੱਤੇ ਜਿੱਤ ਹਾਸਲ ਕਰ ਲੈਂਦੀ ਹੈ ਤਾਂ ਇਹ ਟੀਮ ਦੀ ਅਹਿਮ ਪ੍ਰਪਤੀ ਮੰਨੀ ਜਾਵੇਗੀ ਕਿਉਂਕਿ ਅਮੀਰਾਤ ਦੀ ਟੀਮ ਖ਼ਿਤਾਬ ਦੀ ਮਜ਼ਬੂਤ ਦਾਅਵੇਦਾਰ ਹੈ। ਇਸ ਸਮੇਂ ਅਮੀਰਾਤ ਦਰਜਾਬੰਦੀ ਵਿਚ ਭਾਰਤ ਤੋਂ ਕਾਫੀ ਅੱਗੇ ਹੈ। ਭਾਰਤ ਦੀ ਫੀਫਾ ਦਰਜਾਬੰਦੀ 97 ਹੈ ਅਤੇ ਅਮੀਰਾਤ ਦੀ 79 ਹੈ। ਭਾਰਤ ਦੇ ਕੋਚ ਸਟੀਫਨ ਕੋਂਸਟਨਟਾਈਨ ਇਸ ਗੱਲੋਂ ਖੁਸ਼ ਹੋਣਗੇ ਕਿ ਕਿਵੇਂ ਭਾਰਤੀ ਖਿਡਾਰੀਆਂ ਨੇ ਥਾੲਲੈਂਡ ਵਿਰੁੱਧ ਦੂਜੇ ਅੱਧ ਵਿਚ ਹਮਲਿਆਂ ਦੀ ਧਾਰ ਤੇਜ਼ ਕਰਕੇ ਮੈਚ ਦਾ ਪਾਸਾ ਹੀ ਬਦਲ ਦਿੱਤਾ ਜਦੋਂ ਦੋਵੇਂ ਟੀਮਾਂ ਇਕ ਸਮੇਂ 1-1 ਗੋਲ ਦੇ ਨਾਲ ਬਰਾਬਰ ਸਨ। ਇਸ ਜਿੱਤ ਦੇ ਨਾਲ ਭਾਰਤ ਨੂੰ ਤਿੰਨ ਅੰਕ ਮਿਲੇ ਸਨ ਅਤੇ ਟੀਮ ਗੋਲ ਔਸਤ ਜਮ੍ਹਾਂ ਤਿੰਨ ਦੇ ਨਾਲ ਗਰੁੱਪ ਵਿਚ ਸਿਖਰ ਉੱਤੇ ਹੈ। ਕੋਚ ਕੌਂਸਟਨਟਾਈਨ ਨੇ ਆਪਣੇ ਖਿਡਾਰੀਆਂ ਵਿਚ ਭਰੋਸੇ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਟੀਮ ਦੇ ਨੌਜਵਾਨ ਖਿਡਾਰੀ ਆਪਣੀ ਕਾਰਗੁਜ਼ਾਰੀ ਦਿਖਾਉਣ ਦੇ ਲਈ ਕਾਹਲੇ ਹਨ ਅਤੇ ਮੇਜ਼ਬਾਨਾਂ ਦੇ ਨਾਲ ਵੱਖਰੀ ਤਰ੍ਹਾਂ ਦੀ ਖੇਡ ਹੋਵੇਗੀ ਅਤੇ ਅਮੀਰਾਤ ਇੱਕ ਬੇਹੱਦ ਚੰਗੀ ਟੀਮ ਹੈ ਤੇ ਸਾਡੇ ਲਈ ਉਹ ਆਪਣੀ ਮੰਜ਼ਿਲ ਉੱਤੇ ਪੁੱਜਣ ਦੇ ਲਈ ਸਿਰਫ ਇੱਕ ਆਮ ਟੀਮ ਹੀ ਹੈ। ਜਿੱਥੋ ਤੱਕ ਭਾਰਤ ਦੇ ਖਿਡਾਰੀਆਂ ਦਾ ਸਵਾਲ ਹੈ , ਕਪਤਾਨ ਸੁਨੀਲ ਛੇਤਰੀ ਪੂਰੀ ਤਰ੍ਹਾਂ ਫਰਮ ਵਿਚ ਹੈ। ਕੋਚ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਛੇਤਰੀ ਭਰੋਸੇ ਨਾਲ ਭਰਿਆ ਹੋਇਆ ਹੈ ਅਤੇ ਸਾਨੂੰ ਉਸ ਤੋਂ ਬਹੁਤ ਆਸਾਂ ਹਨ। ਟੀਮ ਨੇ ਪਿਛਲੇ 13 ਮੈਚ ਲਗਾਤਾਰ ਜਿੱਤੇ ਹਨ ਅਤੇ ਟੀਮ ਪੂਰੀ ਤਰ੍ਹਾਂ ਇਕਜੁੱਟ ਹੋ ਕੇ ਖੇਡਣ ਲਈ ਤਿਆਰ ਹੈ।
ਉਸ ਤੋਂ ਇਲਾਵਾ ਜੀਜੇ ਲਾਲਪੇਖੁਲਾ, ਅਨਿਰੁੱਧ ਥਾਪਾ ਆਸ਼ੀਕ ਕੁਰੂਨੀਅਨ, ਉਦਾਂਤਾ ਸਿੰਘ ਨੇ ਵੀ ਆਪਣੀ ਖੇਡ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਵਿਚ ਥਾਂ ਬਣਾਈ ਹੈ।