ਕੋਲੰਬੋ, 16 ਸਤੰਬਰ
ਏਸ਼ੀਆ ਕੱਪ ਦੇ ‘ਸੁਪਰ 4’ ਦੇ ਆਖਰੀ ਮੈਚ ਵਿਚ ਇੱਥੇ ਬੰਗਲਾਦੇਸ਼ ਨੇ ਭਾਰਤ ਨੂੰ ਛੇ ਦੌੜਾਂ ਨਾਲ ਹਰਾ ਦਿੱਤਾ। ਭਾਰਤ ਦੀ ਟੀਮ 49.5 ਓਵਰਾਂ ਵਿਚ 259 ਦੌੜਾਂ ਬਣਾ ਕੇ ਆਊਟ ਹੋ ਗਈ। ਭਾਰਤ ਵੱਲੋਂ ਸ਼ੁਭਮਨ ਗਿੱਲ ਨੇ 121 ਦੌੜਾਂ ਜਦਕਿ ਅਕਸ਼ਰ ਪਟੇਲ ਨੇ 42 ਦੌੜਾਂ ਬਣਾਈਆਂ। ਸੂਰਿਆਕੁਮਾਰ ਯਾਦਵ ਨੇ ਵੀ 26 ਦੌੜਾਂ ਦਾ ਯੋਗਦਾਨ ਦਿੱਤਾ। ਇਸ ਤੋਂ ਪਹਿਲਾਂ ਕਪਤਾਨ ਸ਼ਾਕਿਬ ਅਲ ਹਸਨ (80) ਤੇ ਤੌਹਿਦ ਹਿਰਦੈ (54) ਨੇ ਭਾਰਤ ਦੀ ਘੱਟ ਤਿੱਖੀ ਗੇਂਦਬਾਜ਼ੀ ਦਾ ਲਾਹਾ ਲੈਂਦਿਆਂ ਨੀਮ ਸੈਂਕੜੇ ਜਣੇ ਜਿਸ ਦੀ ਬਦੌਲਤ ਬੰਗਲਾਦੇਸ਼ ਨੇ ਇੱਥੇ ‘ਸੁਪਰ 4’ ਦੇ ਆਖਰੀ ਮੈਚ ਵਿਚ 8 ਵਿਕਟਾਂ ’ਤੇ 265 ਦੌੜਾਂ ਦਾ ਚੰਗਾ ਸਕੋਰ ਖੜ੍ਹਾ ਕੀਤਾ। ਬੰਗਲਾਦੇਸ਼ ਨੇ ਬੱਲੇਬਾਜ਼ੀ ਦਾ ਸੱਦਾ ਮਿਲਣ ਉਤੇ 59 ਦੌੜਾਂ ਉਤੇ ਚਾਰ ਵਿਕਟ ਗੁਆ ਦਿੱਤੇ ਸਨ ਪਰ ਸ਼ਾਕਿਬ ਨੇ 85 ਗੇਂਦਾਂ ਉਤੇ 80 ਦੌੜਾਂ ਬਣਾ ਕੇ ਟੀਮ ਨੂੰ ਸੰਭਾਲਿਆ ਤੇ ਤੌਹਿਦ ਨੇ 81 ਗੇਂਦਾਂ ਵਿਚ 54 ਦੌੜਾਂ ਬਣਾ ਕੇ ਉਨ੍ਹਾਂ ਦਾ ਚੰਗਾ ਸਾਥ ਦਿੱਤਾ। ਹਾਲਾਂਕਿ ਇਸ ਮੁਕਾਬਲੇ ਦਾ ਨਤੀਜਾ ਦੋਵਾਂ ਟੀਮਾਂ ਲਈ ਕੋਈ ਮਾਇਨੇ ਨਹੀਂ ਰੱਖਦਾ ਕਿਉਂਕਿ ਭਾਰਤ ਪਹਿਲਾਂ ਹੀ ਐਤਵਾਰ ਨੂੰ ਹੋਣ ਵਾਲੇ ਫਾਈਨਲ ਲਈ ਕੁਆਲੀਫਾਈ ਕਰ ਚੁੱਕਾ ਹੈ ਜਿੱਥੇ ਉਸ ਦਾ ਸਾਹਮਣਾ ਸ੍ਰੀਲੰਕਾ ਨਾਲ ਹੋਵੇਗਾ। ਇਸ ਲਈ ਭਾਰਤ ਨੇ ਵਿਰਾਟ ਕੋਹਲੀ, ਹਾਰਦਿਕ ਪਾਂਡਿਆ, ਮੁਹੰਮਦ ਸਿਰਾਜ, ਜਸਪ੍ਰੀਤ ਬੁਮਰਾਹ ਤੇ ਕੁਲਦੀਪ ਯਾਦਵ ਨੂੰ ਆਰਾਮ ਦਿੱਤਾ ਸੀ। ਜਦਕਿ ਤਿਲਕ ਵਰਮਾ ਨੇ ਇਕ ਰੋਜ਼ਾ ਕਰੀਅਰ ਦਾ ਪਹਿਲਾ ਮੈਚ ਖੇਡਿਆ। ਸ਼ਾਰਦੁਲ ਠਾਕੁਰ ਨੇ 65 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ। ਸਪਿੰਨਰ ਅਕਸ਼ਰ ਪਟੇਲ ਨੇ 47 ਦੌੜਾਂ ਦੇ ਕੇ ਦੋ ਵਿਕਟ ਲਏ।