ਸ਼ਾਰਜਾਹ, 15 ਜਨਵਰੀ
ਭਾਰਤ ਦੇ ਏਐਫਸੀ ਏਸ਼ੀਆ ਕੱਪ ਫੁਟਬਾਲ ਟੂਰਨਾਮੈਂਟ ਦੇ ਨਾਕਆਊਟ ’ਚ ਪਹੁੰਚਣ ਦੀਆਂ ਉਮੀਦਾਂ ’ਤੇ ਅੱਜ ਉਸ ਸਮੇਂ ਪਾਣੀ ਪੈ ਗਿਆ ਜਦੋਂ ਬਹਿਰੀਨ ਨੇ ਉਸ ਨੂੰ ਖੇਡ ਦੇ ਅੰਤਿਮ ਮਿੰਟਾਂ ’ਚ 1-0 ਨਾਲ ਹਰਾ ਦਿੱਤਾ। ਬਹਿਰੀਨ ਵੱਲੋਂ ਜਮਾਲ ਰਸ਼ੀਦ ਨੇ ਵਾਧੂ ਸਮੇਂ ’ਚ ਪੈਨਲਟੀ ’ਤੇ ਗੋਲ ਦਾਗਿਆ।
ਭਾਰਤ ਲਈ ਅੱਜ ਦਾ ਮੈਚ ਅਹਿਮ ਸੀ ਅਤੇ ਉਸ ਨੂੰ ਘੱਟੋ ਘੱਟ ਡਰਾਅ ਦੀ ਲੋੜ ਸੀ। ਭਾਰਤ ਨੇ ਆਪਣੇ ਪਹਿਲੇ ਮੈਚ ’ਚ ਥਾਈਲੈਂਡ ਨੂੰ 4-1 ਨਾਲ ਹਰਾਇਆ ਸੀ ਪਰ ਉਹ ਮੇਜ਼ਬਾਨ ਯੂਏਈ ਤੋਂ 0-2 ਗੋਲਾਂ ਨਾਲ ਹਾਰ ਗਿਆ ਸੀ। ਇਸ ਤੋਂ ਪਹਿਲਾਂ ਦੋਵੇਂ ਟੀਮਾਂ ਅੱਧੇ ਸਮੇਂ ਤਕ ਕੋਈ ਗੋਲ ਕਰਨ ’ਚ ਨਾਕਾਮ ਰਹੀਆਂ ਸਨ। ਭਾਰਤ ਨੂੰ ਸ਼ੁਰੂ ’ਚ ਡਿਫੈਂਡਰ ਅਨਸ ਇਥਾਹੋਡਿਕਾ ਦੇ ਫੱਟੜ ਹੋਣ ਕਾਰਨ ਝਟਕਾ ਲੱਗਿਆ ਅਤੇ ਚੌਥੇ ਮਿੰਟ ’ਚ ਹੀ ਕੋਚ ਸਟੀਫਨ ਕੌਂਸਟੇਨਟਾਈਨ ਨੂੰ ਉਨ੍ਹਾਂ ਦੀ ਥਾਂ ’ਤੇ ਐਸ ਰੰਜਨ ਸਿੰਘ ਨੂੰ ਮੈਦਾਨ ’ਚ ਉਤਾਰਨਾ ਪਿਆ। ਭਾਰਤ ਨੂੰ ਰੱਖਿਆ ਪੰਕਤੀ ’ਚ ਅਨਸ ਦੀ ਕਮੀ ਦਾ ਸਾਹਮਣਾ ਕਰਨਾ ਪਿਆ ਪਰ ਇਸ ਮੈਚ ਦੇ ਕਪਤਾਨ ਪ੍ਰਣਯ ਹਲਦਰ ਨੇ ਚੰਗੀ ਖੇਡ ਦਿਖਾ ਕੇ ਘੱਟ ਤੋਂ ਘੱਟ ਦੋ ਮੌਕਿਆਂ ’ਤੇ ਬਹਿਰੀਨ ਦੇ ਹਮਲਿਆਂ ਨੂੰ ਨਾਕਾਮ ਕੀਤਾ। ਭਾਰਤ ਕੋਲ 13ਵੇਂ ਮਿੰਟ ’ਚ ਗੋਲ ਕਰਨ ਦਾ ਮੌਕਾ ਸੀ ਜਦੋਂ ਹਾਲੀਚਰਨ ਨਰਜਾਰੀ ਦੇ ਕ੍ਰਾਸ ਨੂੰ ਬਹਿਰੀਨ ਦੇ ਖਿਡਾਰੀਆਂ ਨੇ ਬਚਾ ਲਿਆ ਪਰ ਪ੍ਰੀਤਮ ਕੋਟਾਲ ਨੇ ਗੇਂਦ ’ਤੇ ਕਬਜ਼ਾ ਕਰਕੇ ਉਸ ਨੂੰ ਆਸ਼ਿਕ ਕੁਰੂਨਿਆਨ ਵੱਲ ਵਧਾਇਆ। ਉਸ ਦਾ ਹੈੱਡਰ ਬਹਿਰੀਨ ਦੇ ਗੋਲਕੀਪਰ ਨੇ ਆਸਾਨੀ ਨਾਲ ਬਚਾ ਲਿਆ। ਬਹਿਰੀਨ ਨੇ ਅੱਧੇ ਘੰਟੇ ਦੀ ਖੇਡ ਹੋਣ ਮਗਰੋਂ ਹੀ ਹਮਲਾਵਰ ਰੁਖ ਅਪਣਾਇਆ। ਉਹ 33ਵੇਂ ਮਿੰਟ ’ਚ ਗੋਲ ਕਰਨ ਦੇ ਕਰੀਬ ਪਹੁੰਚਿਆ ਸੀ ਪਰ ਭਾਰਤ ਦੇ ਸੰਦੇਸ਼ ਝੀਂਗਨ ਨੇ ਬਿਹਤਰੀਨ ਬਚਾਅ ਕਰਕੇ ਖਤਰਾ ਟਾਲ ਦਿੱਤਾ।