ਮੁਲਤਾਨ, 31 ਅਗਸਤ
ਪਾਕਿਸਤਾਨ ਨੇ ਅੱਜ ਇੱਥੇ ਏਸ਼ੀਆ ਕੱਪ ਇੱਕ ਰੋਜ਼ਾ ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਨੇਪਾਲ ਨੂੰ 238 ਦੌੜਾਂ ਨਾਲ ਹਰਾ ਦਿੱਤਾ। ਗਰੁੱਪ-ਏ ਦੇ ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਨੇ ਨਿਰਧਾਰਤ 50 ਓਵਰਾਂ ਵਿੱਚ ਛੇ ਵਿਕਟਾਂ ਦੇ ਨੁਕਸਾਨ ’ਤੇ 342 ਦੌੜਾਂ ਬਣਾਈਆਂ। ਇਸ ਵਿੱਚ ਕਪਤਾਨ ਬਾਬਰ ਆਜ਼ਮ ਨੇ 151, ਇਫਤਿਖਾਰ ਅਹਿਮਦ ਨੇ 109 ਅਤੇ ਮੁਹੰਮਦ ਰਿਜ਼ਵਾਨ ਨੇ 44 ਦੌੜਾਂ ਦਾ ਯੋਗਦਾਨ ਪਾਇਆ। ਟੀਚੇ ਦਾ ਪਿੱਛਾ ਕਰਦਿਆਂ ਨੇਪਾਲ 23.4 ਓਵਰਾਂ ਵਿੱਚ ਸਿਰਫ 104 ਦੌੜਾਂ ਹੀ ਬਣਾ ਸਕਿਆ। ਨੇਪਾਲ ਵੱਲੋਂ ਸੋਮਪਾਲ ਕਾਮੀ ਨੇ 28, ਆਰਿਫ ਸ਼ੇਖ ਨੇ 26 ਅਤੇ ਗੁਲਸ਼ਨ ਝਾਅ ਨੇ 13 ਦੌੜਾਂ ਦਾ ਯੋਗਦਾਨ ਪਾਇਆ। ਇਨ੍ਹਾਂ ਤੋਂ ਇਲਾਵਾ ਨੇਪਾਲ ਦਾ ਕੋਈ ਵੀ ਬੱਲੇਬਾਜ਼ ਦਹਾਈ ਦਾ ਅੰਕੜਾ ਪਾਰ ਨਹੀਂ ਕਰ ਸਕਿਆ। ਪਾਕਿਸਤਾਨ ਲਈ ਸ਼ਦਾਬ ਖਾਨ ਨੇ ਚਾਰ, ਹੈਰਿਸ ਰਾਊਫ ਤੇ ਸ਼ਾਹੀਨ ਅਫਰੀਦੀ ਨੇ ਦੋ-ਦੋ ਅਤੇ ਨਸੀਮ ਸ਼ਾਹ ਤੇ ਮੁਹੰਮਦ ਨਵਾਜ਼ ਨੇ ਇੱਕ-ਇੱਕ ਵਿਕਟ ਲਈ।