ਜਕਾਰਤਾ— ਭਾਰਤ ਦੇ 15 ਸਾਲਾ ਨਿਸ਼ਾਨੇਬਾਜ਼ ਵਿਹਾਨ ਸ਼ਾਰਦੁਲ ਨੇ ਏਸ਼ੀਆਈ ਖੇਡਾਂ 2018 ‘ਚ ਵੀਰਵਾਰ ਨੂੰ ਪੁਰਸ਼ ਡਬਲ ਟ੍ਰੈਪ ਨਿਸ਼ਾਨੇਬਾਜ਼ੀ ਮੁਕਾਬਲੇ ਦਾ ਚਾਂਦੀ ਦਾ ਤਮਗਾ ਹਾਸਲ ਕੀਤਾ। ਵਿਹਾਨ ਨੇ ਫਾਈਨਲਸ ‘ਚ ਕੁੱਲ 73 ਦਾ ਸਕੋਰ ਕੀਤਾ ਅਤੇ ਦੂਜੇ ਸਥਾਨ ‘ਤੇ ਰਹਿ ਕੇ ਚਾਂਦੀ ਦਾ ਤਮਗਾ ਜਿੱਤਿਆ। ਇਸ ਮੁਕਾਬਲੇ ‘ਚ ਕੋਰੀਆ ਦੇ ਹਾਈਨਵੁ ਸ਼ਿਨ ਨੇ 74 ਦੇ ਸਕੋਰ ਦੇ ਨਾਲ ਸੋਨ ਤਮਗੇ ‘ਤੇ ਕਬਜ਼ਾ ਕੀਤਾ ਜਦਕਿ ਕਤਰ ਦੇ ਹਮਾਦ ਅਲੀ ਅਲ ਮਾਰੀ ਨੇ 53 ਦੇ ਸਕੋਰ ਦੇ ਨਾਲ ਕਾਂਸੀ ਤਮਗਾ ਜਿੱਤਿਆ।
ਯੁਵਾ ਨਿਸ਼ਾਨੇਬਾਜ਼ ਇਸ ਤੋਂ ਪਹਿਲਾਂ ਕੁਆਲੀਫਿਕੇਸ਼ਨ ‘ਚ 141 ਦਾ ਸਕੋਰ ਕਰਕੇ 10 ਖਿਡਾਰੀਆਂ ਦੀ ਫੀਲਡ ‘ਚ ਚੋਟੀ ‘ਤੇ ਰਹੇ ਸਨ ਅਤੇ ਫਾਈਨਲ ਦੇ ਲਈ ਕੁਆਲੀਫਾਈ ਕੀਤਾ ਸੀ। ਇਸੇ ਮੁਕਾਬਲੇ ‘ਚ ਹੋਰ ਭਾਰਤੀ ਅੰਕੁਰ ਮਿੱਤਲ ਹਾਲਾਂਕਿ 134 ਦੇ ਸਕੋਰ ਦੇ ਨਾਲ ਨੌਵੇਂ ਸਥਾਨ ‘ਤੇ ਰਹਿ ਕੇ ਫਾਈਨਲ ‘ਚ ਜਗ੍ਹਾ ਨਹੀਂ ਬਣਾ ਸਕੇ ਸਨ। ਸ਼ਾਰਦੁਲ ਅਜੇ 15 ਸਾਲ ਦਾ ਹੈ। ਅਜਿਹਾ ਕਰਕੇ ਉਸ ਨੇ ਭਾਰਤ ਦੇ ਯੁਵਾ ਨਿਸ਼ਾਨੇਬਾਜ਼ਾਂ ਦੀ ਕਤਾਰ ‘ਚ ਖੁਦ ਨੂੰ ਖੜ੍ਹਾ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਭਾਰਤ ਵੱਲੋਂ 15 ਸਾਲਾਂ ਦੀ ਮਨੂ ਭਾਕਰ, 16 ਸਾਲਾਂ ਦੇ ਅਨੀਸ਼ ਭਾਨਵਾਲਾ, 15 ਸਾਲਾਂ ਦੇ ਸੌਰਭ ਚੌਧਰੀ ਅਤੇ ਹੁਣ ਡਬਲ ਟਰੈਪ ਸ਼ੂਟਿੰਗ ‘ਚ 15 ਹੀ ਸਾਲ ਦੇ ਸ਼ਾਰਦੁਲ ਨੇ ਸਟੀਕ ਨਿਸ਼ਾਨੇ ਲਗਾ ਕੇ ਇਤਿਹਾਸ ਰਚ ਦਿੱਤਾ ਹੈ।