ਜਕਾਰਤਾ : ਭਾਰਤੀ ਪੁਰਸ਼ ਅਤੇ ਮਹਿਲਾ ਕਬੱਡੀ ਟੀਮਾਂ ਨੇ 18ਵੇਂ ਏਸ਼ੀਆਈ ਖੇਡਾਂ ‘ਚ ਅੱਜ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਸੈਮੀਫਾਈਨਲ ‘ਚ  ਜਗ੍ਹਾ ਪੱਕੀ ਕਰ ਲਈ ਹੈ। 7 ਵਾਰ ਦੀ ਸੋਨ ਤਮਗਾ ਜੇਤੂ ਭਾਰਤੀ ਪੁਰਸ਼ ਟੀਮ ਨੇ ਕਲ ਦੱਖਣੀ ਕੋਰੀਆ ਤੋਂ 23-24 ਨਾਲ ਮਿਲੀ ਹਾਰ ਨੂੰ ਭੁੱਲ ਕੇ ਗਰੁਪ-ਏ ਦੇ ਆਪਣੇ ਆਖਰੀ ਮੈਚ ‘ਚ ਥਾਈਲੈਂਡ ਨੂੰ 49-30 ਨਾਲ ਮਾਤ ਦਿੱਤੀ। ਭਾਰਤ ਨੇ ਦੱਖਣੀ ਕੋਰੀਆ ਤੋਂ ਹਾਰਨ ਦੇ ਪਹਿਲਾਂ ਬੰਗਲਾਦੇਸ਼ ਨੂੰ 50-21 ਅਤੇ ਫਿਰ ਸ਼੍ਰੀਲੰਕਾ ਨੂੰ 44-28 ਨਾਲ ਹਰਾਇਆ ਸੀ।ਅੱਜ ਦੀ ਜਿੱਤ ਦੇ ਨਾਲ ਭਾਰਤ ਦਾ ਗਰੁਪ ‘ਚ ਚੋਟੀ ਦੋ ਟੀਮਾਂ ‘ਚ ਰਹਿਣਾ ਪੱਕਾ ਹੋ ਗਿਆ ਜਿਸ ਨਾਲ ਟੀਮ ਨੇ ਸੈਮੀਫਾਈਨਲ ਦੇ ਲਈ ਕੁਆਲੀਫਾਈ ਕਰ ਲਿਆ। ਮਹਿਲਾਵਾਂ ਦੇ ਮੁਕਾਬਲੇ ‘ਚ ਭਾਰਤੀ ਟੀਮ ਨੇ ਅੱਜ ਦੋ ਜਿੱਤਾਂ ਦਰਜ ਕੀਤੀਆਂ। ਟੀਮ ਗਰੁਪ-ਏ ਦੇ ਸਾਰੇ ਮੈਚ ਜਿੱਤ ਕੇ ਸੂਚੀ ‘ਚ ਚੋਟੀ ‘ਤੇ ਹੈ। ਭਾਰਤ ਨੇ ਅੱਜ ਆਪਣੇ ਪਹਿਲੇ ਮੈਚ ‘ਚ ਸ਼੍ਰੀਲੰਕਾ ਨੂੰ 38-12 ਨਾਲ ਹਰਾਉਣ ਤੋਂ ਬਾਅਦ ਇੰਡੋਨੇਸ਼ੀਆ ਨੂੰ 54-22 ਨਾਲ ਮਾਤ ਦਿੱਤੀ। ਇਸ ਤੋਂ ਪਹਿਲਾਂ ਟੀਮ ਨੇ ਜਾਪਾਨ ਨੂੰ 43-12 ਨਾਲ ਹਰਾਇਆ ਸੀ। ਸੈਮੀਫਾਈਨਲ ਮੁਕਾਬਲਾ 23 ਅਗਸਤ ਨੂੰ ਖੇਡਿਆ ਜਾਵੇਗਾ ਜਿਸ ‘ਚ ਭਾਰਤ ਦਾ ਸਾਹਮਣਾ ਗਰੁਪ-ਬੀ ‘ਚ ਦੂਜੇ ਸਥਾਨ ‘ਤੇ ਰਹਿਣ ਵਾਲੀ ਟੀਮ ਨਾਲ ਹੋਵੇਗਾ।