ਮਸਕਟ (ਓਮਾਨ), 18 ਅਕਤੂਬਰ
ਏਸ਼ਿਆਈ ਖੇਡਾਂ ਵਿੱਚ ਖ਼ਰਾਬ ਪ੍ਰਦਰਸ਼ਨ ਤੋਂ ਉਭਰਦਿਆਂ ਭਾਰਤੀ ਪੁਰਸ਼ ਹਾਕੀ ਟੀਮ ਵੀਰਵਾਰ ਨੂੰ ਇੱਥੇ ਏਸ਼ਿਆਈ ਚੈਂਪੀਅਨਜ਼ ਟਰਾਫੀ ਦੇ ਆਪਣੇ ਪਹਿਲੇ ਮੈਚ ਵਿੱਚ ਮੇਜ਼ਬਾਨ ਓਮਾਨ ਖ਼ਿਲਾਫ਼ ਮਜ਼ਬੂਤ ਸ਼ੁਰੂਆਤ ਕਰਨਾ ਚਾਹੇਗੀ। ਭਾਰਤ ਨੇ 2011 ਅਤੇ 2016 ਵਿੱਚ ਇਹ ਟਰਾਫੀ ਜਿੱਤੀ ਸੀ। ਇਸ ਤਰ੍ਹਾਂ ਉਸ ਦਾ ਇਰਾਦਾ ਤੀਜੀ ਵਾਰ ਖ਼ਿਤਾਬ ਜਿੱਤਣ ਦਾ ਹੋਵੇਗਾ।
ਹਾਲਾਂਕਿ ਭਾਰਤੀ ਟੀਮ ਜਕਾਰਤਾ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮੇ ਦੀ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਸੀ, ਪਰ ਸੈਮੀ ਫਾਈਨਲ ਵਿੱਚ ਮਲੇਸ਼ੀਆ ਤੋਂ ਹਾਰ ਕੇ ਉਸ ਨੂੰ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਵਿਸ਼ਵ ਦੀ ਪੰਜਵੇਂ ਦੀ ਟੀਮ ਟੂਰਨਾਮੈਂਟ ਵਿੱਚ ਸਭ ਤੋਂ ਉੱਚੀ ਰੈਂਕਿੰਗਜ ਵਾਲੇ ਏਸ਼ਿਆਈ ਦੇਸ਼ ਵਜੋਂ ਉਤਰ ਰਹੀ ਹੈ। ਇਸ ਲਈ ਉਸ ਨੂੰ ਸੁਲਤਾਨ ਕਾਬੂਜ਼ ਸਪੋਰਟਸ ਕੰਪਲੈਕਸ ਵਿੱਚ ਹੋਣ ਵਾਲੇ ਮੈਚ ਵਿੱਚ ਓਮਾਨ ਤੋਂ ਕੋਈ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ। ਇਸ ਤੋਂ ਪਹਿਲਾਂ 2014 ਏਸ਼ਿਆਈ ਖੇਡਾਂ ਦੌਰਾਨ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਈਆਂ ਸਨ ਅਤੇ ਭਾਰਤ ਨੇ ਓਮਾਨ ਨੂੰ 7-0 ਗੋਲਾਂ ਨਾਲ ਹਰਾਇਆ ਸੀ।
ਭਾਰਤੀ ਕੋਚ ਹਰਿੰਦਰ ਸਿੰਘ ਦਾ ਮੰਨਣਾ ਹੈ ਕਿ ਰਾਊਂਡ ਰੌਬਿਨ ਦੇ ਅਹਿਮ ਮੁਕਾਬਲਿਆਂ ਤੋਂ ਪਹਿਲਾਂ ਮੇਜ਼ਬਾਨ ਟੀਮ ਨਾਲ ਭਿੜਨਾ ਚੰਗੀ ਪ੍ਰੀਖਿਆ ਹੋਵੇਗੀ। ਹਰਿੰਦਰ ਨੇ ਕਿਹਾ, ‘‘ਅਸੀਂ ਮੇਜ਼ਬਾਨ ਓਮਾਨ ਖ਼ਿਲਾਫ਼ ਆਪਣੀ ਮੁਹਿੰਮ ਸ਼ੁਰੂ ਕਰਨ ਤੋਂ ਉਤਸ਼ਾਹਿਤ ਹਾਂ, ਜੋ ਘਰੇਲੂ ਦਰਸ਼ਕਾਂ ਸਾਹਮਣੇ ਖੇਡਣਗੇ। ਪੂਲ ਮੈਚ ਕਾਫ਼ੀ ਅਹਿਮ ਹੋਣਗੇ, ਜਿਸ ਵਿੱਚ ਅਸੀਂ ਮਲੇਸ਼ੀਆ, ਪਾਕਿਸਤਾਨ, ਜਾਪਾਨ ਅਤੇ ਦੱਖਣੀ ਕੋਰੀਆ ਨਾਲ ਭਿੜਨਾ ਹੈ, ਉਸ ਤੋਂ ਪਹਿਲਾਂ ਸ਼ੁਰੂਆਤੀ ਮੈਚ ਸਾਡੇ ਲਈ ਚੰਗੀ ਪ੍ਰੀਖਿਆ ਹੋਵੇਗਾ।’’
ਕੋਚ ਦਾ ਮੰਨਣਾ ਹੈ ਕਿ ਜੇਕਰ ਟੀਮ ਨੇ ਮੁੜ ਟਰਾਫੀ ਜਿੱਤਣੀ ਹੈ ਤਾਂ ਉਸ ਨੂੰ ਗ਼ਲਤੀਆਂ ’ਤੇ ਕਾਬੂ ਪਾਉਣਾ ਹੋਵੇਗਾ।
ਉਨ੍ਹਾਂ ਕਿਹਾ, ‘‘ਭਾਰਤੀ ਟੀਮ ਨੂੰ ਏਸ਼ਿਆਈ ਖੇਡਾਂ ਦੀਆਂ ਆਪਣੀਆਂ ਗ਼ਲਤੀਆਂ ਤੋਂ ਸਿਖਣ ਅਤੇ ਮੁੜ ਦੁਹਰਾਉਣ ਤੋਂ ਬਚਣ ਦੀ ਲੋੜ ਹੈ। ਇਹ ਟੂਰਨਾਮੈਂਟ ਭਾਰਤ ਦੇ ਉੜੀਸਾ ਵਿੱਚ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਟੀਮ ਵਿੱਚ ਆਤਮਵਿਸ਼ਵਾਸ ਭਰ ਦੇਵੇਗਾ।’’
ਪਹਿਲੇ ਮੈਚ ਵਿੱਚ ਓਮਾਨ ਨਾਲ ਖੇਡਣ ਮਗਰੋਂ ਭਾਰਤ ਨੇ 20 ਅਕਤੂਬਰ ਨੂੰ ਪਾਕਿਸਤਾਨ ਨਾਲ, 21 ਅਕਤੂਬਰ ਨੂੰ ਮਲੇਸ਼ੀਆ ਨਾਲ ਅਤੇ 24 ਅਕਤੂਬਰ ਨੂੰ ਦੱਖਣੀ ਕੋਰੀਆ ਨਾਲ ਭਿੜਨਾ ਹੈ। ਪਿਛਲੀ ਵਾਰ ਟੂਰਨਾਮੈਂਟ ਵਿੱਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸ ਨੇ ਜਾਪਾਨ ਨੂੰ 10-2 ਗੋਲਾਂ ਨਾਲ ਹਰਾਇਆ ਸੀ। ਇਸ ਤੋਂ ਬਾਅਦ ਦੱਖਣੀ ਕੋਰੀਆ ਨਾਲ 1-1 ਨਾਲ ਡਰਾਅ ਖੇਡਿਆ। ਪਾਕਿਸਤਾਨ ਨੂੰ 3-2 ਗੋਲਾਂ ਅਤੇ ਚੀਨ ਨੂੰ 9-0 ਗੋਲਾਂ ਨਾਲ ਹਰਾਉਣ ਮਗਰੋਂ ਮਲੇਸ਼ੀਆ ਨੂੰ 2-1 ਨਾਲ ਹਰਾਇਆ ਸੀ। ਸੈਮੀ ਫਾਈਨਲਜ਼ ਵਿੱਚ ਭਾਰਤ ਨੇ ਦੱਖਣੀ ਕੋਰੀਆ ਨੂੰ ਪੈਨਲਟੀ ਸ਼ੂਟਆਊਟ ਵਿੱਚ 5-4 ਗੋਲਾਂ ਨਾਲ ਸ਼ਿਕਸਤ ਦਿੱਤੀ ਸੀ। ਭਾਰਤ ਅਤੇ ਪਾਕਿਸਤਾਨ ਦੋ-ਦੋ ਵਾਰ ਇਹ ਖ਼ਿਤਾਬ ਜਿੱਤ ਚੁੱਕੇ ਹਨ। ਭਾਰਤੀ ਟੀਮ ਕੋਲ ਹੁਣ ਤੀਜਾ ਖ਼ਿਤਾਬ ਜਿੱਤਣਾ ਦਾ ਮੌਕਾ ਹੈ। ਭਾਰਤ ਨੇ 2011 ਅਤੇ 2016 ਵਿੱਚ ਟਰਾਫੀ ਹਾਸਲ ਕੀਤੀ ਸੀ, ਜਦਕਿ ਪਾਕਿਸਤਾਨ ਨੇ 2012 ਅਤੇ 2013 ਵਿੱਚ ਖ਼ਿਤਾਬ ਜਿੱਤਿਆ ਸੀ। –