ਚੇਨੱਈ, 4 ਅਗਸਤ

ਇੱਥੇ ਮੇਅਰ ਰਾਧਾਕ੍ਰਿਸ਼ਨਨ ਹਾਕੀ ਸਟੇਡੀਅਮ ਵਿੱਚ ਅੱਜ 2023 ਏਸ਼ੀਅਨ ਚੈਂਪੀਅਨਜ਼ ਟਰਾਫੀ (ਏਸੀਟੀ) ਹਾਕੀ ਦੇ ਇਕ ਮੈਚ ਵਿੱਚ ਭਾਰਤ ਨੇ ਚੀਨ ਨੂੰ 7-2 ਨਾਲ ਹਰਾ ਦਿੱਤਾ।

ਕੈਪਟਨ ਹਰਮਨਪ੍ਰੀਤ ਸਿੰਘ ਵੱਲੋਂ ਪੈਨਲਟੀ ਕਾਰਨਰਾਂ ਨੂੰ ਗੋਲ ’ਚ ਤਬਦੀਲ ਕੀਤੇ ਜਾਣ ਨਾਲ ਪਹਿਲੇ ਕੁਆਰਟਰ ਦੇ ਸ਼ੁਰੂ ਵਿੱਚ ਹੀ ਭਾਰਤ ਨੇ 2-0 ਦੀ ਲੀਡ ਹਾਸਲ ਕਰ ਲਈ। ਹਾਲਾਂਕਿ, ਸੁਖਜੀਤ ਨੇ ਪਹਿਲੇ ਕੁਆਰਟਰ ਦੀ ਸਮਾਪਤੀ ਤੱਕ ਇਸ ਲੀਡ ਨੂੰ 3-0 ਕਰ ਦਿੱਤਾ। ਆਕਾਸ਼ਦੀਪ ਨੇ ਦੂਜੇ ਕੁਆਰਟਰ ਦੇ ਸ਼ੁਰੂ ਵਿੱਚ ਹੀ ਇਕ ਹੋਰ ਗੋਲ ਕਰ ਕੇ ਲੀਡ 4-0 ਕਰ ਦਿੱਤੀ। ਵੈਨਹੁਈ ਨੇ ਭਾਰਤੀ ਡਿਫੈਂਸ ਲਾਈਨ ਵਿੱਚ ਕਮੀ ਦਾ ਫਾਇਦਾ ਉਠਾਉਂਦੇ ਚੀਨ ਲਈ ਇਕ ਗੋਲ ਕਰ ਕੇ ਸਕੋਰ 1-4 ਕਰ ਦਿੱਤਾ। ਦੂਜੇ ਕੁਆਰਟਰ ਵਿੱਚ ਹੀ ਚੀਨ ਦੇ ਜੀਸ਼ੇਂਗ ਗਾਓ ਵੱਲੋਂ ਕੀਤੇ ਗਏ ਇਕ ਹੋਰ ਗੋਲ ਨਾਲ ਸਕੋਰ 5-2 ਹੋ ਗਿਆ। ਦੂਜੇ ਕੁਆਰਟਰ ਦੇ ਅਖੀਰ ਵਿੱਚ ਭਾਰਤ ਦੇ ਵਰੁਣ ਨੇ ਗੋਲ ਕਰ ਕੇ ਇਹ ਸਕੋਰ 6-2 ਕਰ ਦਿੱਤਾ। ਤੀਜੇ ਕੁਆਰਟਰ ਵਿੱਚ ਮਨਦੀਪ ਨੇ ਡਰੈਗ ਫਲਿੱਕ ਨੂੰ ਗੋਲ ’ਚ ਤਬਦੀਲ ਕੀਤਾ ਅਤੇ ਭਾਰਤ ਨੇ ਚੀਨ ਨੂੰ 7-2 ਦੇ ਫਰਕ ਨਾਲ ਹਰਾ ਦਿੱਤਾ। ਇਹ ਮਨਦੀਪ ਦਾ 100ਵਾਂ ਗੋਲ ਸੀ। ਇਸ ਤੋਂ ਪਹਿਲਾਂ ਹੋਏ ਇਕ ਹੋਰ ਮੈਚ ਵਿੱਚ ਫਰਹਾਨ ਅਸ਼ਾਰੀ ਦੇ ਦੋ ਗੋਲਾਂ ਦੀ ਮਦਦ ਨਾਲ ਮਲੇਸ਼ੀਆ ਨੇ ਪਾਕਿਸਤਾਨ ਨੂੰ 3-1 ਨਾਲ ਹਰਾ ਦਿੱਤਾ। ਮਲੇਸ਼ੀਆ ਲਈ ਅਸ਼ਾਰੀ ਨੇ 28ਵੇਂ ਤੇ 29ਵੇਂ ਮਿੰਟ ਵਿੱਚ ਗੋਲ ਕੀਤੇ ਜਦਕਿ ਇਕ ਹੋਰ ਗੋਲ ਸ਼ੈਲੋ ਸਿਲਵੇਰੀਅਨ ਨੇ 44ਵੇਂ ਮਿੰਟ ਵਿੱਚ ਕੀਤਾ। ਪਾਕਿਸਤਾਨ ਵੱਲੋਂ ਇਕਮਾਤਰ ਗੋਲ ਅਬਦੁਲ ਰਹਿਮਾਨ ਨੇ 55ਵੇਂ ਮਿੰਟ ਵਿੱਚ ਕੀਤਾ। ਇਸੇ ਤਰ੍ਹਾਂ ਇਕ ਹੋਰ ਮੈਚ ਵਿੱਚ ਮੌਜੂਦਾ ਚੈਂਪੀਅਨ ਦੱਖਣੀ ਕੋਰੀਆ ਨੇ ਫਸਵੇਂ ਮੈਚ ਵਿੱਚ ਜਪਾਨ ਨੂੰ 2-1 ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਰਿਓਮਾ ਊਕਾ ਨੇ ਛੇਵੇਂ ਮਿੰਟ ’ਚ ਪਹਿਲਾ ਗੋਲ ਕਰ ਕੇ ਜਪਾਨ ਨੂੰ ਬੜ੍ਹਤ ਦਿਵਾਈ ਪਰ ਚੇਓਲੀਅਨ ਪਾਰਕ ਨੇ 26ਵੇਂ ਮਿੰਟ ’ਚ ਬਰਾਬਰੀ ਦਾ ਗੋਲ ਕੀਤਾ। ਜੰਗ ਹੂ ਕਿਮ ਨੇ ਤੀਜੇ ਕੁਆਰਟਰ ਦੇ ਪੰਜਵੇਂ ਮਿੰਟ ’ਚ ਗੋਲ ਕਰ ਕੇ ਦੱਖਣੀ ਕੋਰੀਆ ਨੂੰ ਚੜ੍ਹਤ ਦਿਵਾਈ ਜੋ ਉਸ ਨੇ ਅਖੀਰ ਤੱਕ ਬਰਕਰਾਰ ਰੱਖੀ।