ਬੈਂਕਾਕ, 21 ਅਪਰੈਲ
ਸ਼ਿਵ ਥਾਪਾ ਨੇ ਅੱਜ ਇੱਥੇ ਏਸ਼ਿਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ-2019 ਵਿੱਚ ਪੁਰਸ਼ਾਂ ਦੇ 60 ਕਿਲੋ ਭਾਰ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਥਾਂ ਬਣਾ ਕੇ ਰਿਕਾਰਡ ਚੌਥੇ ਤਗ਼ਮੇ ਵੱਲ ਪੈਰ ਪੁੱਟ ਲਿਆ ਹੈ। ਇਸੇ ਤੋਂ ਇਲਾਵਾ ਪੰਜ ਹੋਰ ਭਾਰਤੀ ਮੁੱਕੇਬਾਜ਼ ਅਗਲੇ ਗੇੜ ਵਿੱਚ ਪਹੁੰਚੇ ਹਨ। ਇਸੇ ਤਰ੍ਹਾਂ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਲਵਲੀਨਾ ਬੋਗੋਹਾਨ (69 ਕਿਲੋ) ਅਤੇ ਮਾਕਰਾਨ ਕੱਪ ਦੇ ਸੋਨ ਤਗ਼ਮਾ ਜੇਤੂ ਦੀਪਕ ਸਿੰਘ (49 ਕਿਲੋ) ਨੇ ਆਖ਼ਰੀ ਅੱਠ ਵਿੱਚ ਥਾਂ ਬਣਾਈ ਹੈ।
ਥਾਪਾ ਨੇ ਕੋਰੀਆ ਦੇ ਕਿਮ ਵੋਨਹੋ ਖ਼ਿਲਾਫ਼ 4-1 ਨਾਲ ਜਿੱਤ ਹਾਸਲ ਕੀਤੀ। ਥਾਪਾ ਇਸ ਤੋਂ ਪਹਿਲਾਂ 2013 ਵਿੱਚ ਸੋਨਾ, 2015 ਵਿੱਚ ਕਾਂਸੀ ਅਤੇ 2017 ਵਿੱਚ ਚਾਂਦੀ ਦਾ ਤਗ਼ਮਾ ਜਿੱਤ ਚੁੱਕਿਆ ਹੈ। ਅਸਾਮ ਦੇ ਇਸ ਮੁੱਕੇਬਾਜ਼ ਦਾ ਅਗਲੇ ਗੇੜ ਵਿੱਚ ਕਿਰਗਿਸਤਾਨ ਦੇ ਸੈਤਬੇਕ ਉਲੂ ਨਾਲ ਸਾਹਮਣਾ ਹੋਵੇਗਾ। ਅਸਾਮ ਦੀ ਹੀ ਲਵਲੀਨਾ ਨੇ ਵੀਅਤਨਾਮ ਦੀ ਤਰਾਨ ਥੀ ਲਿੰਹ ਨੂੰ 5-0 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਥਾਂ ਪੱਕੀ ਕੀਤੀ। ਸੋਮਵਾਰ ਨੂੰ ਹੋਣ ਵਾਲੇ ਕੁਆਰਟਰ ਫਾਈਨਲ ਮੈਚ ਵਿੱਚ ਲਵਲੀਨਾ ਦਾ ਸਾਹਮਣਾ ਚੀਨੀ ਤਾਇਪੈ ਦੀ ਚੇਨ ਨੇਨ ਚਿਨ ਨਾਲ ਹੋਵੇਗਾ, ਜੋ ਇੱਕ ਸਖ਼ਤ ਵਿਰੋਧੀ ਹੈ। ਲਵਲੀਨਾ ਇਸ ਤੋਂ ਬੀਤੇ ਸਾਲ ਨਵੀਂ ਦਿੱਲੀ ਵਿੱਚ ਹੋਈ ਵਿਸ਼ਵ ਚੈਂਪੀਅਨਸ਼ਿਪ ਦੇ ਸੈਮੀ ਫਾਈਨਲ ਵਿੱਚ ਹਾਰ ਮਿਲੀ ਸੀ। ਕੌਮੀ ਚੈਂਪੀਅਨ ਦੀਪਕ ਨੇ ਵੀ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖਿਆ। ਚੈਂਪੀਅਨਸ਼ਿਪ ਵਿੱਚ ਐਤਵਾਰ ਨੂੰ ਸਾਰਿਆਂ ਦੀਆਂ ਨਜ਼ਰਾਂ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜੇਤੂ ਅਮਿਤ ਪੰਘਲ (52 ਕਿਲੋ) ’ਤੇ ਹੋਣਗੀਆਂ, ਜੋ ਚੀਨੀ ਤਾਇਪੈ ਦੇ ਤੂ ਪੋ ਵੇਈ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ।