ਪਿਓਂਗਚਾਂਗ (ਦੱਖਣੀ ਕੋਰੀਆ), 8 ਸਤੰਬਰ
ਭਾਰਤ ਦੀ ਸੁਤੀਰਥਾ ਮੁਖਰਜੀ ਨੇ ਅੱਜ ਇੱਥੇ ਆਪਣੇ ਨਾਲੋਂ ਵੱਧ ਰੈਂਕਿੰਗ ਵਾਲੀ ਖਿਡਾਰਨ ਜ਼ੂ-ਯੂ ਚੇਨ ਨੂੰ ਹਰਾ ਕੇ ਏਸ਼ਿਆਈ ਟੇਬਲ ਟੈਨਿਸ ਚੈਂਪੀਅਨਸ਼ਿਪ ਦੇ ਮਹਿਲਾ ਸਿੰਗਲਜ਼ ਦੇ ਅਗਲੇ ਗੇੜ ਵਿੱਚ ਪ੍ਰਵੇਸ਼ ਕੀਤਾ।
ਦੁਨੀਆ ਦੀ 104 ਨੰਬਰ ਦੀ ਭਾਰਤੀ ਖਿਡਾਰਨ ਨੇ ਚੀਨੀ ਤਾਇਪੇ ਦੀ 40ਵੀਂ ਰੈਂਕਿੰਗ ਵਾਲੀ ਚੇਨ ਖ਼ਿਲਾਫ਼ ਪਹਿਲਾ ਗੇਮ ਗੁਆਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰ ਕੇ 10-12, 11-8, 11-7, 11-7 ਨਾਲ ਜਿੱਤ ਦਰਜ ਕੀਤੀ। ਭਾਰਤ ਦੀ ਚੋਟੀ ਦੀ ਖਿਡਾਰਨ ਮਨਿਕਾ ਬੱਤਰਾ ਨੇ ਹਾਲਾਂਕਿ ਥਾਈਲੈਂਡ ਦੀ ਜਿਨਿਪਾ ਸਾਵੇਟਾਬੱਟ ਨੂੰ ਵਾਕਓਵਰ ਦੇ ਦਿੱਤਾ। ਇਕ ਹੋਰ ਭਾਰਤੀ ਖਿਡਾਰਨ ਅਯਹਿਕਾ ਮੁਖਰਜੀ ਨੇ ਨੇਪਾਲ ਦੀ ਸੁਵਾਲ ਸਿੱਕਾ ਨੂੰ 11-2, 11-0, 11-1 ਨਾਲ ਹਰਾ ਕੇ ਅਗਲੇ ਗੇੜ ਵਿੱਚ ਜਗ੍ਹਾ ਬਣਾਈ। ਸ੍ਰੀਜਾ ਅਕੁਲਾ ਦੁਨੀਆ ਦੀ ਅੱਠਵੇਂ ਨੰਬਰ ਦੀ ਖਿਡਾਰਨ ਜਪਾਨ ਦੀ ਮੀਮਾ ਇਤੋ ਦੇ ਸਾਹਮਣੇ ਖਾਸ ਚੁਣੌਤੀ ਪੇਸ਼ ਨਹੀਂ ਕਰ ਸਕੀ ਅਤੇ 5-11, 6-11, 9-11 ਤੋਂ ਹਾਰ ਗਈ। ਚੀਨ ਦੀ ਵਿਸ਼ਵ ਵਿੱਚ ਦੂਜੇ ਨੰਬਰ ਦੀ ਖਿਡਾਰਨ ਚੇਨ ਮੈਂਗ ਨੇ ਭਾਰਤ ਦੀ ਦੀਯਾ ਚਿਤਲੇ ਨੂੰ ਆਸਾਨੀ ਨਾਲ 11-3, 11-6, 11-8 ਨਾਲ ਹਰਾ ਦਿੱਤਾ।
ਇਸ ਵਿਚਾਲੇ ਮਾਨਵ ਠੱਕਰ ਤੇ ਮਾਨੁਸ਼ ਸ਼ਾਹ ਨੇ ਅਬਦੁਲਅਜ਼ੀਜ਼ ਅਨੋਰਬੋਏਵ ਅਤੇ ਕੁਟਬਿਡਿਲੋ ਤੋਸ਼ਾਬੋਏਵ ਦੀ ਉਜ਼ਬੇਕਿਸਤਾਨ ਜੋੜੀ ਨੂੰ ਹਰਾ ਕੇ ਪੁਰਸ਼ ਡਬਲਜ਼ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਮਹਿਲਾ ਡਬਲਜ਼ ਵਿੱਚ ਅਯਹਿਕਾ ਤੇ ਸੁਤੀਰਥਾ ਦੀ ਜੋੜੀ ਨੇ ਕਜ਼ਾਖ਼ਸਤਾਨ ਦੀ ਐਂਜਲੀਨਾ ਰੋਮਾਨੋਵਸਕਾਯਾ ਤੇ ਸਰਵੀਨੋਜ਼ ਮਿਰਕਾਦੀਰੋਵਾ ਨੂੰ 11-1, 13-11, 10-12, 11-7 ਨਾਲ ਹਰਾ ਕੇ ਆਖਰੀ ਅੱਠ ਵਿੱਚ ਜਗ੍ਹਾ ਬਣਾਈ। ਟੀਮ ਮੁਕਾਬਲੇ ਵਿੱਚ ਭਾਰਤੀ ਪੁਰਸ਼ ਟੀਮ ਨੇ ਕਾਂਸੀ ਤਗ਼ਮਾ ਜਿੱਤਿਆ ਸੀ।