ਨਵੀਂ ਦਿੱਲੀ, 6 ਫਰਵਰੀ
ਭਾਰਤੀ ਕੁਸ਼ਤੀ ਫੈੱਡਰੇਸ਼ਨ (ਡਬਲਯੂਐੱਫਆਈ) ਨੇ ਅੱਜ ਕਿਹਾ ਕਿ ਉਸ ਨੂੰ ਸਰਕਾਰ ਤੋਂ ਭਰੋਸਾ ਮਿਲਿਆ ਹੈ ਕਿ ਖਤਰਨਾਕ ਕਰੋਨਾਵਾਇਰਸ ਨਾਲ ਜੁੜੇ ਖਤਰਿਆਂ ਦੇ ਬਾਵਜੂਦ ਚੀਨ ਦੇ ਪਹਿਲਵਾਨਾਂ ਨੂੰ ਅਗਲੀ ਏਸ਼ਿਆਈ ਚੈਂਪੀਅਨਸ਼ਿਪ ਲਈ ਭਾਰਤ ਆਉਣ ਤੋਂ ਨਹੀਂ ਰੋਕਿਆ ਜਾਵੇਗਾ। ਭਾਰਤ ਸਰਕਾਰ ਨੇ ਚੀਨ ਦੇ ਲੋਕਾਂ ਲਈ ਈ-ਵੀਜ਼ਾ ਸਹੂਲਤ ਮੁਅੱਤਲ ਕਰ ਦਿੱਤੀ ਹੈ ਕਿਉਂਕਿ ਇਸ ਵਾਇਰਸ ਦੇ ਫੈਲਣ ਦਾ ਡਰ ਹੈ ਜਿਸ ਕਾਰਨ ਹੁਣ ਤੱਕ 490 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ।
ਡਬਲਯੂਐੱਫਆਈ ਨੂੰ ਚੈਂਪੀਅਨਸ਼ਿਪ ਲਈ ਚੀਨ ਤੋਂ 40 ਮੈਂਬਰੀ ਮਜ਼ਬੂਤ ਟੀਮ ਦੇ ਆਉਣ ਦੀ ਆਸ ਹੈ। ਵਿਦੇਸ਼ ਮੰਤਰਾਲੇ ਤੋਂ ਭਰੋਸਾ ਮਿਲਣ ਮਗਰੋਂ ਇਹ ਟੂਰਨਾਮੈਂਟ 18 ਤੋਂ 23 ਫਰਵਰੀ ਤੱਕ ਕਰਵਾਇਆ ਜਾਵੇਗਾ। ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜਭੂਸ਼ਨ ਸ਼ਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਪਾਕਿਸਤਾਨ ਦੇ ਪਹਿਲਵਾਨਾਂ ਨੂੰ ਵੀ ਵੀਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ, ‘ਅੱਜ ਮੈਂ ਵਿਦੇਸ਼ ਮੰਤਰੀ ਨੂੰ ਮਿਲਿਆ ਅਤੇ ਮੈਨੂੰ ਪੂਰੀ ਆਸ ਹੈ ਕਿ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ। ਦੋਵਾਂ ਦੇਸ਼ਾਂ ਦੇ ਪਹਿਲਵਾਨਾਂ ਦੇ ਹਿੱਸਾ ਲੈਣ ਦੀ ਪੂਰੀ ਆਸ ਹੈ।’ ਉਨ੍ਹਾਂ ਕਿਹਾ, ‘ਮੈਨੂੰ ਭਰੋਸਾ ਦਿੱਤਾ ਗਿਆ ਹੈ ਕਿ ਕੋਈ ਸਮੱਸਿਆ ਨਹੀਂ ਹੋਵੇਗੀ। ਚਰਚਾ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਕੋਈ ਪ੍ਰੇਸ਼ਾਨੀ ਹੋ ਸਕਦੀ ਹੈ।’ ਚੀਨ ਕੁਸ਼ਤੀ ਫੈਡਰੇਸ਼ਨ ਨੇ ਡਬਲਯੂਐੱਫਆਈ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਸੀ ਕਿ ਉਨ੍ਹਾਂ ਦੇ ਪਹਿਲਵਾਨਾਂ ਦੀ ਚੈਂਪੀਅਨਸ਼ਿਪ ’ਚ ਹਿੱਸਾ ਲੈਣ ’ਚ ਮਦਦ ਕੀਤੀ ਜਾਵੇ। ਸ਼ਰਨ ਨੇ ਕਿਹਾ, ‘ਚੀਨ ਫੈਡਰੇਸ਼ਨ ਨੇ ਅਪੀਲ ਕਰਦਿਆਂ ਪੱਤਰ ਲਿਖਿਆ ਕਿ 40 ਪਹਿਲਵਾਨਾਂ ਦੀ ਜਾਂਚ ਕੀਤੀ ਗਈ ਹੈ ਅਤੇ ਉਨ੍ਹਾਂ ’ਚ ਕੋਈ ਵੀ ਵਾਇਰਸ ਤੋਂ ਪੀੜਤ ਨਹੀਂ ਪਾਇਆ ਗਿਆ ਹੈ। ਉਨ੍ਹਾਂ ਨੂੰ ਵੱਖਰਾ ਰੱਖਿਆ ਗਿਆ ਹੈ।’ ਡਬਲਯੂਐੱਫਆਈ ਨੇ ਹਾਲਾਂਕਿ ਸਪੱਸ਼ਟ ਕੀਤਾ ਕਿ ਚੀਨ ਦੇ ਪਹਿਲਵਾਨਾਂ ਨੂੰ ਉਸ ਪ੍ਰੋਟੋਕੋਲ ’ਚੋਂ ਲੰਘਣਾ ਪਵੇਗਾ ਜਿਸ ਨੂੰ ਇਸ ਵਾਇਰਸ ਦੀ ਪਛਾਣ ਕਰਨ ਲਈ ਤੈਅ ਕੀਤਾ ਗਿਆ ਹੈ।