ਬੈਂਕਾਕ, 26 ਅਪਰੈਲ
ਅਮਿਤ ਪੰਘਾਲ (52 ਕਿੱਲੋ) ਅਤੇ ਕਵਿੰਦਰ ਸਿੰਘ ਬਿਸ਼ਟ (56 ਕਿੱਲੋ) ਨੇ ਕੌਮਾਂਤਰੀ ਪੱਧਰ ’ਤੇ ਆਪਣੇ ਲਗਾਤਾਰ ਦੂਜੇ ਸੋਨ ਤਗ਼ਮੇ ਵੱਲ ਕਦਮ ਵਧਾਉਂਦੇ ਹੋਏ ਛੇ ਹੋਰ ਭਾਰਤੀਆਂ ਦੇ ਨਾਲ ਅੱਜ ਇੱਥੇ ਏਸ਼ਿਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ ’ਚ ਪ੍ਰਵੇਸ਼ ਕੀਤਾ। ਪੰਘਾਲ ਤੇ ਬਿਸ਼ਟ ਨੇ ਬੇਹੱਦ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਪਰ
ਲਗਾਤਾਰ ਚੌਥੀ ਵਾਰ ਸੈਮੀ ਫਾਈਨਲ ’ਚ ਪਹੁੰਚੇ ਸ਼ਿਵ ਥਾਪਾ (60 ਕਿੱਲੋ) ਦੀ ਚੁਣੌਤੀ ਇੱਥੇ ਹੀ ਖ਼ਤਮ ਹੋ ਗਈ ਅਤੇ ਉਸ ਨੂੰ ਕਾਂਸੀ ਤਗ਼ਮੇ ਨਾਲ ਸਬਰ ਕਰਨਾ ਪਿਆ।
ਪੁਰਸ਼ਾਂ ਦੇ ਵਰਗ ਵਿੱਚ ਪੰਘਾਲ ਤੇ ਬਿਸ਼ਟ ਤੋਂ ਇਲਾਵਾ ਦੀਪਕ ਸਿੰਘ (49 ਕਿੱਲੋ) ਅਤੇ ਆਸ਼ੀਸ਼ ਕੁਮਾਰ (75 ਕਿੱਲੋ) ਵੀ ਫਾਈਨਲ ’ਚ ਪਹੁੰਚ ਗਏ ਹਨ। ਮਹਿਲਾ ਵਰਗ ਵਿੱਚ ਪੂਜਾ ਰਾਣੀ ਤੇ ਸਿਮਰਨਜੀਤ ਕੌਰ (64 ਕਿੱਲੋ) ਸ਼ੁੱਕਰਵਾਰ ਨੂੰ ਹੋਣ ਵਾਲੇ ਖ਼ਿਤਾਬੀ ਮੁਕਾਬਲੇ ਵਿੱਚ ਜਗ੍ਹਾ ਬਣਾਉਣ ’ਚ ਸਫ਼ਲ ਰਹੀਆਂ। ਪੰਘਾਲ ਨੇ ਚੀਨ ਦੇ ਹੂ ਜਿਆਨਗੁਆਨ ਨੂੰ ਹਰਾਇਆ। ਭਾਰਤੀ ਖਿਡਾਰੀ ਜ਼ਿਆਦਾ ਪ੍ਰਭਾਵਸ਼ਾਲੀ ਸੀ ਅਤੇ ਉਸ ਨੇ ਆਪਣੀ ਤੇਜ਼ੀ ਤੇ ਹਮਲਾਵਰ ਰਵੱਈਏ ਨਾਲ ਆਪਣੇ ਵਿਰੋਧੀ ਨੂੰ ਹਰਾ ਦਿੱਤਾ। ਕਵਿੰਦਰ ਬਿਸ਼ਟ ਨੇ ਕੁਆਰਟਰ ਫਾਈਨਲ ’ਚ ਮੌਜੂਦਾ ਵਿਸ਼ਵ ਚੈਂਪੀਅਨ ਕਜ਼ਾਖ਼ਸਤਾਨ ਦੇ ਕਾਇਰਾਤ ਯੈਰਾਲਿਏਵ ਨੂੰ ਹਰਾਇਆ। ਉਪਰੰਤ ਉਸ ਨੇ ਮੰਗੋਲੀਆ ਦੇ ਐਂਖ-ਅਮਰ ਖਾਖੂ ਨੂੰ ਆਪਣੇ ਮੁੱਕ ਨਾਲ ਢੇਰ ਕਰ ਦਿੱਤਾ ਜਿਸ ਦੀ ਅੱਖ ’ਚ ਤੀਜੇ ਗੇੜ ’ਚ ਸੱਟ ਲੱਗ ਗਈ। ਮੰਗੋਲੀਆ ਦੇ ਮੁੱਕੇਬਾਜ਼ ਨੇ ਵੀ ਕਵਿੰਦਰ ਬਿਸ਼ਟ ਦੀ ਅੱਖ ਜ਼ਖ਼ਮੀ ਕਰ ਦਿੱਤੀ ਪਰ ਇਹ ਭਾਰਤੀ ਇਸ ਮੁਕਾਬਲੇ ਵਿੱਚ 3-2 ਨਾਲ ਜਿੱਤ ਹਾਸਲ ਕਰਨ ’ਚ ਸਫ਼ਲ ਰਿਹਾ। ਥਾਪਾ ਨੇ ਵੀ 2015 ਦੇ ਚਾਂਦੀ ਤਗ਼ਮਾ ਜੇਤੂ ਕਜ਼ਾਖ਼ਸਤਾਨ ਦੇ ਜਾਕਿਰ ਸੈਫੂਲੀਨ ਖ਼ਿਲਾਫ਼ ਆਪਣੀ ਸਭ ਤੋਂ ਵਧੀਆ ਕੋਸ਼ਿਸ਼ ਕੀਤੀ ਪਰ ਆਖ਼ਰੀ ਗੇੜ ’ਚ ਉਹ ਕਮਜ਼ੋਰ ਪੈ ਗਿਆ ਅਤੇ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਪੁਰਸ਼ ਵਰਗ ’ਚ ਆਸ਼ੀਸ਼ (69 ਕਿੱਲੋ) ਅਤੇ ਸਤੀਸ਼ ਕੁਮਾਰ (91 ਕਿੱਲੋ) ਨੂੰ ਵੀ ਕਾਂਸੀ ਤਗ਼ਮਾ ਮਿਲਿਆ। ਆਸ਼ੀਸ਼ ਨੂੰ ਉਜ਼ਬੇਕਿਸਤਾਨ ਦੇ ਬੋਬੋ ਉਸਮਾਨ ਬਾਤੁਰੋਵ ਨੇ 0-5 ਨਾਲ ਹਰਾਇਆ ਜਦੋਂਕਿ ਸਤੀਸ਼ ਨੇ ਜ਼ਖ਼ਮੀ ਹੋਣ ਕਾਰਨ ਕਜ਼ਾਖ਼ਸਤਾਨ ਦੇ ਕਾਮਸ਼ਿਬੇਕ ਕੁਨਾਕਾਬਯੇਵ ਨੂੰ ਵਾਕਓਵਰ ਦਿੱਤਾ।
ਮਹਿਲਾਵਾਂ ਦੇ ਵਰਗ ਵਿਚ ਤਜ਼ਰਬੇਕਾਰ ਸਰਿਤਾ ਦੇਵੀ (60 ਕਿੱਲੋ), ਪਿਛਲੀ ਵਾਰ ਦੀ ਚਾਂਦੀ ਤਗ਼ਮਾ ਜੇਤੂ ਮਨੀਸ਼ਾ (54 ਕਿੱਲੋ), ਸਾਬਕਾ ਵਿਸ਼ਵ ਜੂਨੀਅਰ ਚੈਂਪੀਅਨ ਨਿਖ਼ਤ ਜ਼ਰੀਨ (51 ਕਿੱਲੋ) ਅਤੇ ਵਿਸ਼ਵ ਚਾਂਦੀ ਤਗ਼ਮਾ ਜੇਤੂ ਸੋਨੀਆ ਚਹਿਲ (57 ਕਿੱਲੋ) ਨੂੰ ਕਾਂਸੀ ਤਗ਼ਮੇ ਨਾਲ ਸਬਰ ਕਰਨਾ ਪਿਆ। ਭਾਰਤ ਲਈ ਦਿਨ ਦੀ ਸ਼ੁਰੂਆਤ ਚੰਗੀ ਰਹੀ। ਦੀਪਕ ਨੂੰ ਲਗਾਤਾਰ ਦੂਜੀ ਵਾਰ ਵਾਕਓਵਰ ਮਿਲਿਆ। ਕਜ਼ਾਖ਼ਸਤਾਨ ਦੇ ਤੈਮੀਰਤਾਸ ਝੁਸੂਪੋਵ ਨੇ ਸੱਟ ਕਾਰਨ ਹਟਣ ਦਾ ਫ਼ੈਸਲਾ ਲਿਆ ਜਿਸ ਨਾਲ ਕੌਮੀ ਚੈਂਪੀਅਨਸ਼ਿਪ ਸਿੱਧੇ ਫਾਈਨਲ ’ਚ ਜਗ੍ਹਾ ਬਣਾਈ।ਆਸ਼ੀਸ਼ ਨੇ ਇਰਾਨ ਦੇ ਸੈਯਦਸ਼ਾਹਿਨ ਮੌਸਾਵੀ ਨੂੰ ਆਪਣੇ ਜਾਨਦਾਰ ਮੁੱਕਿਆਂ ਨਾਲ ਵਾਪਸੀ ਦਾ ਕੋਈ ਮੌਕਾ ਨਹੀਂ ਦਿੱਤਾ ਅਤੇ ਫਾਈਨਲ ’ਚ ਪ੍ਰਵੇਸ਼ ਕੀਤਾ। ਮਹਿਲਾਵਾਂ ’ਚ ਮਨੀਸ਼ਾ ਤਾਇਵਾਨ ਦੀ ਹੁਆਂਗ ਸਿਆਓ ਵੈਨ ਤੋਂ ਹਾਰ ਗਈ ਜਦੋਂਕਿ ਸਰਿਤਾ (60 ਕਿੱਲੋ) ਨੂੰ ਚੀਨ ਦੀ ਯਾਂਗ ਵੈਨਲੂ ਤੋਂ ਹਾਰ ਮਿਲੀ। ਜ਼ਰੀਨ ਨੂੰ ਵੀਅਤਨਾਮ ਦੀ ਨਗੁਯੇਨ ਥੀ ਤਾਮ ਖ਼ਿਲਾਫ਼ ਸੰਘਰਸ਼ਪੂਰਨ ਮੁਕਾਬਲੇ ’ਚ ਹਾਰ ਝੱਲਣੀ ਪਈ। ਪੂਜਾ (75 ਕਿੱਲੋ) ਨੇ ਕਜ਼ਾਖ਼ਸਤਾਨ ਦੀ ਫਰੀਜ਼ਾ ਸ਼ੌਲਟੇ ’ਤੇ ਜਿੱਤ ਹਾਸਲ ਕੀਤੀ ਜਦੋਂਕਿ ਸਿਮਰਨਜੀਤ ਨੇ ਉਜ਼ਬੇਕਿਸਤਾਨ ਦੀ ਮਾਫਤੁਨਾਖੋਨ ਮੇਲੀਵਾ ’ਤੇ 5-0 ਨਾਲ ਜਿੱਤ ਹਾਸਲ ਕੀਤੀ।