ਚੇਨਈ, 5 ਅਗਸਤ

ਏਸ਼ਿਆਈ ਚੈਂਪੀਅਨਜ਼ ਟਰਾਫੀ ’ਚ ਅੱਜ ਭਾਰਤ ਅਤੇ ਜਪਾਨ ਵਿਚਾਲੇ ਮੈਚ 1-1 ਗੋਲਾਂ ਨਾਲ ਬਰਾਬਰ ਰਿਹਾ। ਭਾਰਤੀ ਟੀਮ ਨੇ ਮੈਚ ਦੌਰਾਨ ਕਈ ਮੌਕੇ ਗੁਆਏ ਉਸ ਨੂੰ ਜਾਪਾਨ ਖ਼ਿਲਾਫ਼ ਡਰਾਅ ਖੇਡਣ ਲਈ ਮਜਬੂਰ ਹੋਣਾ ਪਿਆ। ਜਾਪਾਨ ਲਈ ਕੇਨ ਨਾਗਾਯੋਸ਼ੀ ਨੇ 28ਵੇਂ ਮਿੰਟ ਵਿੱਚ ਗੋਲ ਕੀਤਾ ਜਦਕਿ ਕਪਤਾਨ ਹਰਮਨਪ੍ਰੀਤ ਸਿੰਘ ਨੇ 43ਵੇਂ ਮਿੰਟ ਵਿੱਚ ਭਾਰਤ ਵੱਲੋਂ ਗੋਲ ਕਰਕੇ ਬਰਾਬਰੀ ਕਰ ਦਿੱਤੀ। ਭਾਰਤ ਨੇ ਵੀਰਵਾਰ ਨੂੰ ਪਹਿਲੇ ਮੈਚ ’ਚ ਚੀਨ ਨੂੰ 7-2 ਨਾਲ ਹਰਾਇਆ ਸੀ। ਭਾਰਤ ਟੀਮ ਨੇ ਪਹਿਲੇ ਕੁਆਰਟਰ ਵਿੱਚ ਹਮਲਾਵਰ ਸ਼ੁਰੂਆਤ ਕੀਤੀ। ਦੋਵਾਂ ਟੀਮਾਂ ਨੇ ਗੋਲ ਕਰਨ ਦੇ ਮੌਕੇ ਬਣਾਏ ਪਰ ਸਫਲਤਾ ਨਹੀਂ ਮਿਲ ਸਕੀ। ਇੱਕ ਜਾਪਾਨੀ ਖਿਡਾਰੀ ਨੂੰ ਸੱਟ ਕਾਰਨ ਮੈਦਾਨ ’ਚੋਂ ਬਾਹਰ ਜਾਣਾ ਪਿਆ। ਭਾਰਤ ਨੂੰ ਇਸ ਕੁਆਰਟਰ ਵਿੱਚ ਸੱਤ ਪੈਨਲਟੀ ਕਾਰਨਰ ਮਿਲੇ ਪਰ ਕੋਈ ਵੀ ਗੋਲ ਨਹੀਂ ਕਰ ਸਕਿਆ। ਵਿਵੇਕ ਸਾਗਰ ਪ੍ਰਸਾਦ ਨੂੰ ਵੀ 8ਵੇਂ ਮਿੰਟ ਵਿੱਚ ਗ੍ਰੀਨ ਕਾਰਡ ਦਿਖਾਇਆ ਗਿਆ। ਭਾਰਤੀ ਟੀਮ ਦਾ ਅਗਲਾ ਮੁਕਾਬਲਾ ਐਤਵਾਰ ਨੂੰ ਮਲੇਸ਼ੀਆ ਨਾਲ ਹੋਵੇਗਾ।