ਨਵੀਂ ਦਿੱਲੀ, ਨਿਊਜ਼ੀਲੈਂਡ ਖ਼ਿਲਾਫ਼ ਤਿੰਨ ਮੈਚਾਂ ਦੀ ਲੜੀ ਵਿੱਚ ਸ਼ਾਨਦਾਰ ਵਾਪਸੀ ਤੋਂ ਉਤਸ਼ਾਹਿਤ ਡਰੈਗ ਫਿਲਕਰ ਰੁਪਿੰਦਰਪਾਲ ਸਿੰਘ ਨੇ ਕਿਹਾ ਕਿ ਭਾਰਤੀ ਟੀਮ ਏਸ਼ਿਆਈ ਖੇਡਾਂ ਵਿੱਚ ਇਸ ਲੈਅ ਨੂੰ ਕਾਇਮ ਰੱਖ ਕੇ ਸੋਨ ਤਗ਼ਮਾ ਜਿੱਤਣਾ ਚਾਹੇਗੀ। ਬੰਗਲੌਰ ਵਿੱਚ ਭਾਰਤ ਨੇ ਹਾਲ ਹੀ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਤਿੰਨ ਮੈਚਾਂ ਦੀ ਅਭਿਆਸ ਲੜੀ ਵਿੱਚ 3-0 ਦੀ ਲੀਡ ਦਰਜ ਕੀਤੀ ਸੀ।
ਰੁਪਿੰਦਰਪਾਲ ਸਿੰਘ ਨੇ ਨਿਊਜ਼ੀਲੈਂਡ ਖ਼ਿਲਾਫ਼ ਸਭ ਤੋਂ ਵੱਧ ਚਾਰ ਗੋਲ ਦਾਗ਼ੇ ਸਨ। ਭਾਰਤੀ ਪੁਰਸ਼ ਟੀਮ ਅਗਸਤ ਤੋਂ ਜਕਾਰਤਾ ਅਤੇ ਪਾਲੇਮਬਾਂਗ ਵਿੱਚ ਹੋ ਰਹੀਆਂ 18ਵੀਆਂ ਏਸ਼ਿਆਈ ਖੇਡਾਂ ਵਿੱਚ ਮੌਜੂਦਾ ਚੈਂਪੀਅਨ ਦੀ ਹੈਸੀਅਤ ਨਾਲ ਉਤਰੇਗੀ, ਜਿੱਥੇ ਉਸ ਦੀ ਕੋਸ਼ਿਸ਼ ਇੱਕ ਵਾਰ ਮੁੜ ਪਿਛਲੀ ਸਫ਼ਲਤਾ ਨੂੰ ਦੁਹਰਾਉਣ ਦੀ ਹੈ। ਰੁਪਿੰਦਰਪਾਲ ਨੇ ਕਿਹਾ, ‘‘ਰਾਸ਼ਟਰਮੰਡਲ ਖੇਡਾਂ ਦੀ ਚਾਂਦੀ ਦਾ ਤਗ਼ਮਾ ਜੇਤੂ ਨਿਊਜ਼ੀਲੈਂਡ ਵਰਗੀ ਟੀਮ ਖ਼ਿਲਾਫ਼ ਖੇਡਣਾ ਮੇਰੇ ਲਈ ਕਾਫੀ ਅਹਿਮ ਸੀ। ਮੈਂ ਚੈਂਪੀਅਨਜ਼ ਟਰਾਫ਼ੀ ਨਹੀਂ ਖੇਡ ਸਕਿਆ। ਇਸ ਲਈ ਜਕਾਰਤਾ ਵਿੱਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਤੋਂ ਪਹਿਲਾਂ ਲੈਅ ਹਾਸਲ ਕਰਨੀ ਜ਼ਰੂਰੀ ਸੀ।’’
ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਮਗਰੋਂ ਰੁਪਿੰਦਰਪਾਲ ਸੱਟ ਕਾਰਨ ਚੈਂਪੀਅਨਜ਼ ਟਰਾਫੀ ਨਹੀਂ ਖੇਡ ਸਕਿਆ, ਜਿਸ ਵਿੱਚ ਭਾਰਤ ਉਪ ਜੇਤੂ ਰਿਹਾ ਸੀ। ਰੁਪਿੰਦਰਪਾਲ ਨੇ ਕਿਹਾ, ‘‘ਟੀਵੀ ਉੱਤੇ ਟੀਮ ਨੂੰ ਖੇਡਦੇ ਵੇਖਣਾ ਕਿਸੇ ਵੀ ਖਿਡਾਰੀ ਲਈ ਨਿਰਾਸ਼ਾਜਨਕ ਹੁੰਦਾ ਹੈ। ਪਰ ਏਸ਼ਿਆਈ ਖੇਡਾਂ ਤੋਂ ਪਹਿਲਾਂ ਮੇਰਾ ਫਿੱਟ ਰਹਿਣਾ ਜ਼ਰੂਰੀ ਹੈ।’’
ਰੁਪਿੰਦਰਪਾਲ ਨੇ ਬੰਗਲਾਦੇਸ਼ ਖ਼ਿਲਾਫ਼ ਇਸ ਮਹੀਨੇ ਚਾਰ ਅਭਿਆਸ ਮੈਚ ਖੇਡ ਕੇ ਦਸ ਗੋਲ ਕੀਤੇ। ਉਸ ਨੇ ਦੱਖਣੀ ਕੋਰੀਆ ਖ਼ਿਲਾਫ਼ ਦੋ ਅਭਿਆਸ ਮੈਚਾਂ ਵਿੱਚ ਇੱਕ ਗੋਲ ਦਾਗ਼ਿਆ। ਨਿਊਜ਼ੀਲੈਂਡ ਖ਼ਿਲਾਫ਼ ਲੜੀ ਮਗਰੋਂ ਭਾਰਤੀ ਖਿਡਾਰੀ ਇੱਕ ਹਫ਼ਤੇ ਦੇ ਆਰਾਮ ’ਤੇ ਹੈ ਅਤੇ ਪਹਿਲੀ ਅਗਸਤ ਤੋਂ ਮੁੜ ਕੈਂਪ ਵਿੱਚ ਹਿੱਸਾ ਲਵੇਗਾ। ਏਸ਼ਿਆਈ ਖੇਡਾਂ ਵਿੱਚ ਭਾਰਤ ਨੂੰ ਕੋਰੀਆ, ਜਾਪਾਨ, ਸ੍ਰੀਲੰਕਾ, ਇੰਡੋਨੇਸ਼ੀਆ ਅਤੇ ਹਾਂਗਕਾਂਗ ਨਾਲ ਪੂਲ ‘ਏ’ ਵਿੱਚ ਰੱਖਿਆ ਹੈ।