ਹੁਸ਼ਿਆਰਪੁਰ, 13 ਜੂਨ
ਏਸ਼ਿਆਈ ਖੇਡਾਂ ਵਿੱਚ ਲੰਮੀ ਦੌੜ ਵਿੱਚ ਸੋਨ ਤਗਮੇ ਜਿੱਤਣ ਵਾਲੇ ਦੌੜਾਕ ਹਰੀ ਚੰਦ ਦਾ 69 ਸਾਲ ਦੀ ਉਮਰ ਵਿੱਚ ਅੱਜ ਸਵੇਰੇ ਜ਼ਿਲ੍ਹੇ ਦੇ ਜ਼ੱਦੀ ਪਿੰਡ ਘੋੜੇਵਾਹਾ ਵਿੱਚ ਦੇਹਾਂਤ ਹੋ ਗਿਆ। ਉਹ ਸੀਆਰਪੀਐਫ ਦੇ ਕਮਾਂਡੇੈਂਟ ਵਜੋਂ ਸੇਵਾਮੁਕਤ ਹੋਏ ਸਨ। ਉਨ੍ਹਾਂ 1975 ਦੀ ਏਸ਼ੀਆ ਚੈਂਪੀਅਨਸ਼ਿਪ ਵਿੱਚ 10 ਹਜ਼ਾਰ ਮੀਟਰ ਵਿੱਚ ਸੋਨੇ ਅਤੇ 5 ਹਜ਼ਾਰ ਮੀਟਰ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਇਸ ਤੋਂ ਬਾਅਦ ਉਨ੍ਹਾਂ 1978 ਵਿੱਚ ਬੈਂਕਾਕ ਏਸ਼ਿਆਈ ਖੇਡਾਂ ਵਿੱਚ 5000 ਅਤੇ 10000 ਮੀਟਰ ਦੌੜ ਵਿੱਚ ਦੋ ਸੋਨ ਤਗਮੇ ਜਿੱਤੇ ਸਨ। ਉਨ੍ਹਾਂ 1976 ਅਤੇ 1980 ਦੀਆਂ ਓਲੰਪਿਕ ਖੇਡਾਂ ਵਿੱਚ ਵੀ ਹਿੱਸਾ ਲਿਆ। ਉਨ੍ਹਾਂ ਨੂੰ ਅਰਜੁਨ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਅਥਲੀਟ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਹੈ। ਮਾਨ ਨੇ ਕਿਹਾ ਕਿ ਹੁਸ਼ਿਆਰਪੁਰ ਦਾ ਸੋਨ ਤਗਮਾ ਜੇਤੂ ਭਾਰਤ ਅਥਲੈਟਿਕਸ ਦਾ ਮਾਣ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਤੋਂ ਪ੍ਰੇਰਣਾ ਲੈਂਦੀਆਂ ਰਹਿਣਗੀਆਂ। ਉਹ ਬੀਤੇ ਕੁਝ ਸਮੇਂ ਤੋਂ ਬਿਮਾਰ ਸਨ ਤੇ ਜਲੰਧਰ ਦੇ ਕੈਪੀਟਲ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ।