ਪਟਿਆਲਾ, ਇਨ੍ਹਾਂ ਵਿੱਚ ਪੰਜਾਬ ਦੀਆਂ ਚਾਰ ਖਿਡਾਰਨਾਂ ਰਾਜਵੰਤ ਕੌਰ, ਮਨਿੰਦਰ ਕੌਰ, ਵਨੀਤਾ ਸ਼ਰਮਾ ਤੇ ਹਰਵਿੰਦਰ ਕੌਰ ਵੀ ਸ਼ਾਮਲ ਹਨ। ਕੈਂਪ 10 ਅਗਸਤ ਨੂੰ ਸਮਾਪਤ ਹੋ ਰਿਹਾ ਹੈ। ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਣ ਲਈ ਹੈਂਡਬਾਲ ਟੀਮ 11 ਅਗਸਤ ਨੂੰ ਦਿੱਲੀ ਪਹੁੰਚੇਗੀ, ਜਿੱਥੋਂ ਉਹ ਸਿੱਧੇ ਇੰਡੋਨੇਸ਼ੀਆ ਵੱਲ ਰਵਾਨਾ ਹੋਵੇਗੀ। ਏਸ਼ਿਆਈ ਖੇਡਾਂ ਜਕਾਰਤਾ ਵਿੱਚ 18 ਅਗਸਤ ਤੋਂ ਸ਼ੁਰੂ ਹੋ ਰਹੀਆਂ ਹਨ। ਇਸ ਟੂਰਨਾਮੈਂਟ ਵਿੱਚ ਹੈਂਡਬਾਲ ਦੀਆਂ 13 ਟੀਮਾਂ ਹਿੱਸਾ ਲੈ ਰਹੀਆਂ ਹਨ| ਭਾਰਤ ਦਾ ਮੁਕਾਬਲਾ ਉਦਘਾਟਨੀ ਸਮਾਰੋਹ ਤੋਂ ਪੰਜ ਦਿਨ ਪਹਿਲਾਂ (13 ਅਗਸਤ ਨੂੰ) ਕਜ਼ਾਖ਼ਿਸਤਾਨ ਨਾਲ ਹੈ।
ਭਾਰਤੀ ਮਹਿਲਾ ਹੈਂਡਬਾਲ ਟੀਮ ਨੇ 2006 ਦੌਰਾਨ ਪਹਿਲੀ ਵਾਰ ਏਸ਼ਿਆਈ ਖੇਡਾਂ ਵਿੱਚ ਹਿੱਸਾ ਲਿਆ ਸੀ। ਪੜਾਅਵਾਰ ਪ੍ਰਦਰਸ਼ਨ ਵਿੱਚ ਸੁਧਾਰ ਕਾਰਨ ਹੁਣ ਦੇਸ਼ ਨੂੰ ਤਗ਼ਮੇ ਦੀ ਉਮੀਦ ਬੱਝੀ ਹੈ| ਹੈਂਡਬਾਲ ਫੈਡਰੇਸ਼ਨ ਆਫ਼ ਇੰਡੀਆ ਨੇ ਬਾਕਾਇਦਾ ਰੈਕਿੰਗਜ਼ ਵਿੱਚ ਸੁਧਾਰ ਦਾ ਲਿਖਤੀ ਤੌਰ ’ਤੇ ਖੇਡ ਮੰਤਰਾਲੇ ਨੂੰ ਯਕੀਨ ਵੀ ਦਿਵਾਇਆ ਹੈ| ਭਾਰਤੀ ਟੀਮ ਏਸ਼ੀਆ ਪੱਧਰ ’ਤੇ ਇਸ ਵੇਲੇ ਸਤਵੇਂ ਸਥਾਨ ’ਤੇ ਹੈ| ਕੈਂਪ ਦੇ ਆਖ਼ਰੀ ਦੌਰ ਵਿੱਚ ਹੁਣ ਕੋਚਾਂ ਤੇ ਤਕਨੀਕੀ ਮਾਹਿਰਾਂ ਵੱਲੋਂ 16 ਮੈਂਬਰੀ ਟੀਮ ’ਤੇ ਹੀ ਧਿਆਨ ਕੇਂਦਰਿਤ ਕੀਤਾ ਹੋਇਆ ਹੈ| ਹੈਂਡਬਾਲ ਟੀਮ ਨੇ 1993 ਦੌਰਾਨ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸ਼ਿਰਕਤ ਕੀਤੀ ਸੀ| 1995 ਵਿੱਚ ਟੀਮ ਨੇ ਕਾਮਨਵੈਲਥ ਯੂਥ ਗੇਮਜ਼ ਵਿੱਚ ਸੋਨੇ ਤਗ਼ਮਾ ਜਿੱਤਿਆ ਸੀ|
ਭਾਰਤ ਨੇ ਦੋ ਸਾਲ ਪਹਿਲਾਂ (2016) ਆਸਾਮ ਵਿੱਚ ‘ਸੈਫ’ (ਦੱਖਣੀ ਏਸ਼ਿਆਈ ਫੁਟਬਾਲ ਸੰਘ) ਖੇਡਾਂ ’ਚ ਸੁਨਹਿਰੀ ਤਗ਼ਮਾ ਹਾਸਲ ਕੀਤਾ ਸੀ। ਚੀਫ਼ ਕੋਚ ਮਹਿੰਦਰਪਾਲ ਤੇ ਕੈਂਪ ਦੇ ਕੋਆਰਡੀਨੇਟਰ-ਕਮ-ਟੀਮ ਮੈਨੇਜਰ ਜਤਿੰਦਰ ਦੇਵ ਨੇ ਕਿਹਾ ਕਿ ਜਕਾਰਤਾ ਪਿੜ ਲਈ ਖਿਡਾਰਨਾਂ ਪੂਰੇ ਜੋਸ਼ ਵਿੱਚ ਹਨ। ਉਮੀਦ ਹੈ ਕਿ ਏਸ਼ਿਆਈ ਖੇਡਾਂ ਵਿੱਚੋਂ ਭਾਰਤੀ ਮਹਿਲਾ ਟੀਮ ਚੰਗੀ ਪਛਾਣ ਬਣਾ ਕੇ ਪਰਤੇਗੀ|