ਬਠਿੰਡਾ, ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਤੇ ਮੈਂਬਰ ਪਾਰਲੀਮੈਟ ਬਠਿੰਡਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਏਮਜ਼ ਦੀਆਂ ਓਪੀਡੀ ਨੂੰ ਸ਼ੁਰੂ ਕਰਨ ਦਾ ਇਕ ਵਾਰ ਉਦਘਾਟਨ ਸਿਹਤ ਮੰਤਰੀ ਡਾ. ਹਰਸ਼ਵਰਧਨ 23 ਦਸੰਬਰ ਨੂੰ ਕਰਨਗੇ।
ਕੇਂਦਰੀ ਮੰਤਰੀ ਭਾਰਤ ਸਰਕਾਰ ਤੇ ਮੈਂਬਰ ਪਾਰਲੀਮੈਂਟ ਬਠਿੰਡਾ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਵਿਚ ਲੋਕਸਭਾ ਹਲਕੇ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਗਈ ਇਕ ਬੈਠਕ ਦੇ ਬਾਅਦ ਪੱਤਰਕਾਰਾਂ ਨਾਲ ਇਕ ਪ੍ਰੈਸ ਕਾਨਫ੍ਰੈਂਸ ਕਰਦਿਆਂ ਇਹ ਗੱਲ ਕਹੀ। ਏਮਜ਼ ਬਾਰੇ ਉਨ੍ਹਾਂ ਕਿਹਾ ਕਿ 12 ‘ਚੋਂ 9 ਓਪੀਡੀ ‘ਚ ਰਿਕਰੂਟਮੈਂਟ ਹੋ ਗਈ ਹੈ ਅਤੇ ਹੁਣ ਓਪੀਡੀ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਏਮਜ਼ ਨੂੰ ਮੁਕੰਮਲ ਤੌਰ ‘ਤੇ ਪੂਰੀ ਤਰ੍ਹਾਂ ਜੂਨ ਵਿਚ ਪੂਰਾ ਕਰ ਲਿਆ ਜਾਵੇਗਾ। ਉਸ ਸਮੇਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਇਸ ਦਾ ਉਦਘਾਟਨ ਕਰਨਗੇ।
ਸੂਬੇ ਦੀ ਸਰਕਾਰ ਵਲੋਂ ਏਮਜ਼ ਨੂੰ ਸ਼ੁਰੂ ਕਰਨ ‘ਚ ਅੜਿੱਕੇ ਡਾਹੇ ਜਾਂਦੇ ਰਹੇ ਹਨ ਅਤੇ ਹੁਣ ਵੀ ਕੋਈ ਉਥੋਂ ਲਈ ਪੂਰੀਆਂ ਸਹੂਲਤਾਂ ਜਿਹੜੀਆਂ ਸਰਕਾਰ ਵੱਲੋਂ ਦਿੱਤੀਆਂ ਜਾਣੀਆਂ ਬਣਦੀਆਂ ਸਨ, ਉਹ ਵੀ ਅਜੇ ਨਹੀਂ ਦਿੱਤੀਆਂ ਗਈਆਂ ਹਨ। ਬੱਸ ਸਟਾਪ ਜਾਂ ਸੜਕਾਂ ਦੀ ਸਹੂਲਤ ਦਾ ਕੰਮ ਵੀ ਪੂਰੀ ਤਰ੍ਹਾਂ ਨਹੀਂ ਕੀਤਾ ਗਿਆ ਅਤੇ ਇਸ ਬਾਰੇ ਅੱਜ ਡਿਪਟੀ ਕਮਿਸ਼ਨਰ ਨਾਲ ਵੀ ਗੱਲਬਾਤ ਕਰਨਗੇ। ਕਾਂਗਰਸ ਦੀ ਸਰਕਾਰ ਵਲੋਂ ਇਸ ਵੱਡੇ ਪ੍ਰੋਜੈਕਟ ਵੱਲ ਧਿਆਨ ਹੀ ਨਹੀਂ ਦਿੱਤਾ ਗਿਆ ਹੈ।
ਅਕਾਲੀ ਦਲ ਤੋਂ ਕਿਨਾਰਾ ਕਰ ਚੁੱਕੇ ਸੁਖਦੇਵ ਸਿੰਘ ਢੀਂਡਸਾ ਦੇ ਟਕਸਾਲੀਆਂ ਨਾਲ ਜਾਣ ਦੇ ਬਾਰੇ ‘ਚ ਪੁੱਛੇ ਗਏ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਇਸ ਨਾਲ ਕੋਈ ਫਰਕ ਨਹੀਂ ਪਵੇਗਾ। ਬਾਦਲ ਪਰਿਵਾਰ ਨੂੰ ਹਮੇਸ਼ਾ ਹੀ ਟਾਰਗੇਟ ਬਣਾਇਆ ਜਾਂਦਾ ਰਿਹਾ ਹੈ। ਪੀਪੀਪੀ ਤੇ ਫ਼ਿਰ ਖਹਿਰਾ ਵਲੋਂ ਵੀ ਬਾਦਲ ਪਰਿਵਾਰ ਨੂੰ ਟਾਰਗੇਟ ਬਣਾ ਕੇ ਜ਼ੀਰੋ ਕਰਨ ਦੀ ਕੋਸ਼ਿਸ ਕੀਤੀ ਜਾਂਦੀ ਰਹੀ ਹੈ। ਜੇਕਰ ਜ਼ੀਰੋ ਇਕੱਠੇ ਹੋ ਜਾਣਗੇ ਤਾਂ ਉਹ ਜ਼ੀਰੋ ਹੀ ਹੋਣਗੇ।
ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਸੂਬੇ ਸਰਕਾਰ ਦੀ ਪਤਲੀ ਹੋਈ ਆਰਥਿਕਤਾ ਬਾਰੇ ਗੱਲ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ‘ਪੰਜਾਬ ਕੰਗਾਲ ਖਜ਼ਾਨਾ ਮੰਤਰੀ’ ਹੀ ਕਰਾਰ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਪੰਜਾਬ ਨੇ ਜਦ ਦੀ ਸਰਕਾਰ ਆਈ ਹੈ, ਪਹਿਲਾਂ ਲੋਕਾਂ ਨੂੰ ਉਂਝ ਹੀ ਚੱਕਰਾਂ ‘ਚ ਪਾਈ ਰੱਖਿਆ। ਹੁਣ ਖਜ਼ਾਨਾ ਖਾਲੀ, ਖਜ਼ਾਨਾ ਖਾਲੀ ਦੀ ਗੱਲ ਹਮੇਸ਼ਾ ਸੂਬੇ ਦਾ ਖਜ਼ਾਨਾ ਮੰਤਰੀ ਮਨਪ੍ਰੀਤ ਕਰ ਰਿਹਾ ਹੈ। ਅਕਾਲੀ-ਭਾਜਪਾ ਦੀ ਸਰਕਾਰ ਜਦ ਤੱਕ ਸੂਬੇ ‘ਚ ਰਹੀ, ਤਦ ਕਦੀ ਵੀ ਖਜ਼ਾਨਾ ਖਾਲੀ ਹੋਣ ਦੀ ਗੱਲ ਨਹੀਂ ਹੋਈ। ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਵਿਗੜ ਚੁੱਕੀ ਹੈ, ਵੈਲਫੇਅਰ ਸਕੀਮ ਕੋਈ ਚੱਲ ਨਹੀਂ ਰਹੀ। ਆਮ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।
ਨਾਗਰਿਕਤਾ ਸੋਧ ਬਿੱਲ ਦੇ ਬਾਰੇ ਪੁੱਛੇ ਸਵਾਲ ‘ਚ ਉਨ੍ਹਾਂ ਇਸ ਦਾ ਸਮੱਰਥਨ ਕਰਦਿਆਂ ਕਿਹਾ ਕਿ ਇਸ ਬਿੱਲ ਨੂੰ ਸਮਝਣ ਦੀ ਜ਼ਰੂਰਤ ਹੈ। ਪਾਕਿਸਤਾਨ, ਅਫਗਾਨਿਸਤਾਨ ਮੁਲਕਾਂ ‘ਚ ਰਹਿ ਗਏ ਸਿੱਖਾਂ ‘ਤੇ ਅਤਿਆਚਾਰ ਹੋ ਰਹੇ ਸਨ ਅਤੇ ਉਨ੍ਹਾਂ ਬਾਰੇ ਉਨ੍ਹਾਂ ਅਵਾਜ਼ ਬੁਲੰਦ ਕੀਤੀ ਸੀ। ਅਫਗਾਨਿਸਤਾਨ ਦੇ ਲੋਕਾਂ ਨੂੰ ਅਜੇ ਨਾਗਰਿਕਤਾ ਨਹੀਂ ਮਿਲੀ ਹੈ। ਪਰ ਇਹ ਬਿਲ ਸਿੱਖ ਭਰਾਵਾਂ ਦੀ ਮੁਸੀਬਤ ਦਾ ਹੱਲ ਹੈ।