ਵੈਨਕੂਵਰ: ਕੈਨੇਡਾ ਵਿੱਚ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਵੈਨਕੂਵਰ ਸਥਿਤ ਘਰ ‘ਤੇ ਪਿਛਲੇ ਸਾਲ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਬੀਸੀ ਦੀ ਅਦਾਲਤ ਨੇ 26 ਸਾਲਾ ਅਭਿਜੀਤ ਕਿੰਗਰਾ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਉਸ ਨੂੰ 6 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਕਿੰਗਰਾ ਨੇ ਏਪੀ ਢਿੱਲੋਂ ਦੇ ਘਰ ਦੇ ਬਾਹਰ ਖੜ੍ਹੀਆਂ ਦੋ ਗੱਡੀਆਂ ਨੂੰ ਅੱਗ ਲਗਾਈ ਸੀ ਅਤੇ ਗੋਲੀਬਾਰੀ ਕੀਤੀ ਸੀ। ਕੈਨੇਡੀਅਨ ਪੁਲਿਸ ਨੇ ਓਨਟਾਰੀਓ ਤੋਂ ਕਿੰਗਰਾ ਨੂੰ ਗ੍ਰਿਫ਼ਤਾਰ ਕੀਤਾ ਸੀ। ਅਦਾਲਤ ਨੇ ਉਸ ਨੂੰ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ, ਅੱਗਜਨੀ ਅਤੇ ਸੁਰੱਖਿਆ ਦੀ ਉਲੰਘਣਾ ਕਰਦਿਆਂ ਹਥਿਆਰ ਚਲਾਉਣ ਦੇ ਦੋਸ਼ਾਂ ਵਿੱਚ ਸਜ਼ਾ ਸੁਣਾਈ।

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਅਭਿਜੀਤ ਕਿੰਗਰਾ ਦੇ ਲਾਰੈਂਸ ਗੈਂਗ ਨਾਲ ਸਬੰਧ ਸਨ, ਅਤੇ ਉਸ ਨੂੰ ਏਪੀ ਢਿੱਲੋਂ ਦੇ ਘਰ ‘ਤੇ ਹਮਲੇ ਦਾ ਹੁਕਮ ਮਿਲਿਆ ਸੀ। ਅਦਾਲਤ ਨੇ ਉਸ ਨੂੰ ਦੋ ਸਜ਼ਾਵਾਂ ਦੋ ਸਾਲ ਅਤੇ ਛੇ ਸਾਲ ਇੱਕੋ ਸਮੇਂ ਭੁਗਤਣ ਦਾ ਹੁਕਮ ਦਿੱਤਾ, ਜਿਸ ਨਾਲ ਉਸ ਨੂੰ ਲਗਭਗ 4.5 ਸਾਲ ਜੇਲ੍ਹ ਵਿੱਚ ਬਿਤਾਉਣੇ ਪੈਣਗੇ। ਇਸ ਤੋਂ ਇਲਾਵਾ, ਉਸ ‘ਤੇ ਉਮਰ ਭਰ ਹਥਿਆਰ ਰੱਖਣ ਦੀ ਪਾਬੰਦੀ ਵੀ ਲਗਾਈ ਗਈ ਹੈ।

ਪੁਲਿਸ ਅਨੁਸਾਰ, ਇਸ ਮਾਮਲੇ ਵਿੱਚ ਇੱਕ ਹੋਰ 24 ਸਾਲਾ ਸ਼ੱਕੀ ਅਜੇ ਲੋੜੀਂਦਾ ਹੈ। ਇਹ ਸ਼ੱਕੀ ਪਹਿਲਾਂ ਵਿਨੀਪੈਗ ਵਿੱਚ ਰਹਿੰਦਾ ਸੀ ਅਤੇ ਹੁਣ ਮੰਨਿਆ ਜਾ ਰਿਹਾ ਹੈ ਕਿ ਉਹ ਭਾਰਤ ਵਿੱਚ ਹੈ। 2 ਸਤੰਬਰ 2024 ਨੂੰ ਵਾਪਰੀ ਇਸ ਘਟਨਾ ਨੇ ਵੈਨਕੂਵਰ ਆਈਲੈਂਡ ਅਤੇ ਪੰਜਾਬੀ ਸੰਗੀਤ ਜਗਤ ਵਿੱਚ ਦਹਿਸ਼ਤ ਫੈਲਾ ਦਿੱਤੀ ਸੀ।