ਲੰਡਨ, 24 ਨਵੰਬਰ
ਰੂਸ ਦੇ ਡੈਨੀਅਲ ਮੈਦਵੇਦੇਵ ਨੇ ਏਟੀਪੀ ਫਾਈਨਲ ਵਿੱਚ ਯੂਐਸ ਓਪਨ ਚੈਂਪੀਅਨ ਡੋਮੋਨਿਕ ਥੀਮ ਨੂੰ ਹਰਾ ਦਿੱਤਾ ਹੈ। ਡੈਨੀਅਲ ਨੇ ਤਿੰਨ ਸੈੱਟਾਂ ਵਿੱਚ ਆਪਣੇ ਵਿਰੋਧੀ ਨੂੰ ਹਰਾ ਕੇ ਹੁਣ ਤਕ ਦਾ ਆਪਣਾ ਸਭ ਤੋਂ ਵੱਡਾ ਖ਼ਿਤਾਬ ਜਿੱਤਿਆ।
ਡੈਨੀਅਲ ਨੇ ਪਹਿਲਾ ਸੈੱਟ ਹਾਰਨ ਤੋਂ ਬਾਅਦ ਵਾਪਸੀ ਕਰਦਿਆਂ ਦੁਨੀਆ ਦੇ ਤੀਜੇ ਨੰਬਰ ਦੇ ਖਿਡਾਰੀ ਥੀਮ ਨੂੰ 4-6, 7-6 ਤੇ 6-4 ਨਾਲ ਹਰਾਇਆ। ਚੌਥੇ ਨੰਬਰ ਦੇ ਖਿਡਾਰੀ ਡੈਨੀਅਲ ਨੇ ਖਿਤਾਬੀ ਜਿੱਤ ਦੌਰਾਨ ਪਹਿਲੇ ਨੰਬਰ ਦੇ ਖਿਡਾਰੀ ਨੋਵਾਕ ਜੋਕੋਵਿਚ ਤੇ ਦੋ ਨੰਬਰ ਖਿਡਾਰੀ ਰਾਫੇਲ ਨਡਾਲ ਨੂੰ ਵੀ ਹਰਾਇਆ ਤੇ ਉਸ ਨੇ ਇਸ ਮੁਕਾਬਲੇ ਵਿਚ ਚੋਟੀ ਦੇ ਤਿੰਨ ਖਿਡਾਰੀਆਂ ਨੂੰ ਹਰਾਉਣ ਦਾ ਮਾਣ ਹਾਸਲ ਕੀਤਾ। ਖਿਤਾਬ ਹਾਸਲ ਕਰਨ ਤੋਂ ਬਾਅਦ ਡੈਨੀਅਲ ਨੇ ਕਿਹਾ ਕਿ ਇਸ ਪ੍ਰਾਪਤੀ ਨਾਲ ਉਹ ਅੱਗੇ ਨਾਲੋਂ ਜ਼ਿਆਦਾ ਮਜ਼ਬੂਤ ਹੋਇਆ ਹੈ ਤੇ ਉਸ ਨੂੰ ਆਪਣੀ ਕਾਬਲੀਅਤ ਦਿਖਾਉਣ ਦਾ ਮੌਕਾ ਮਿਲਿਆ ਹੈ। ਉਸ ਨੇ ਕਿਹਾ ਕਿ ਜਦ ਉਹ ਮਾਨਸਿਕ ਤੇ ਸਰੀਰਕ ਪੱਖੋਂ ਠੀਕ ਮਹਿਸੂਸ ਕਰਦਾ ਹੈ ਤਾਂ ਇਸ ਦੇ ਖੇਡਾਂ ਵਿਚ ਵੀ ਉਸਾਰੂ ਨਤੀਜੇ ਮਿਲਦੇ ਹਨ। ਉਸ ਨੇ ਕਿਹਾ ਕਿ ਉਹ ਭਵਿੱਖ ਵਿਚ ਹੀ ਇਹੋ ਜਿਹੇ ਨਤੀਜੇ ਦੇਵੇਗਾ ਤੇ ਆਪਣੀ ਖੇਡ ਸ਼ੈਲੀ ਵਿਚ ਹੋਰ ਸੁਧਾਰ ਕਰੇਗਾ। ਇਹ ਵੀ ਦੱਸਣਾ ਬਣਦਾ ਹੈ ਕਿ ਟੂਰਨਾਮੈਂਟ ਤੋਂ ਪਹਿਲਾਂ ਕਿਆਸ ਲਗਾਏ ਜਾ ਰਹੇ ਸਨ ਕਿ ਜੋਕੋਵਿਚ ਤੇ ਨਡਾਲ ਜਿੱਤ ਸਕਦੇ ਹਨ ਪਰ ਡੈਨੀਅਲ ਨੇ ਕਿਆਸਰਾਈਆਂ ਨੂੰ ਖਤਮ ਕਰਦਿਆਂ ਜਿੱਤ ਹਾਸਲ ਕੀਤੀ।