ਧਾਰੀਵਾਲ, 5 ਅਪਰੈਲ

ਇਥੋਂ 6 ਕਿਲੋਮੀਟਰ ਦੂਰ ਪਿੰਡ ਭੁੰਬਲੀ ਵਿੱਚ ਪੰਜਾਬ ਪੁਲੀਸ ਦੇ ਸਹਾਇਕ ਸਬ ਇੰਸਪੈਕਟਰ ਨੇ ਅੱਜ ਚਿੱਟੇ ਦਿਨ ਸਵੇਰੇ ਕਰੀਬ ਸਵਾ ਦਸ ਵਜੇ ਆਪਣੇ ਘਰ ਵਿੱਚ ਹੀ ਕਾਰਬਾਈਨ ਨਾਲ ਗੋਲੀਆਂ ਮਾਰ ਕੇ ਪਤਨੀ, ਨੌਜਵਾਨ ਪੁੱਤਰ ਤੇ ਪਾਲਤੂ ਜਰਮਨ ਸ਼ੈਫਰਡ ਕੁੱਤੇ ਦੀ ਹੱਤਿਆ ਕਰ ਦਿੱਤੀ। ਇਸ ਦੌਰਾਨ ਗੋਲੀਆਂ ਦੀ ਅਵਾਜ਼ ਸੁਣ ਕੇ ਗੁਆਂਢ ਸਾਹਮਣੇ ਆਪਣੇ ਪੇਕੇ ਘਰ ਰਹਿੰਦੀ ਨੌਜਵਾਨ ਤਲਾਕਸ਼ੁਦਾ ਔਰਤ ਬਾਹਰ ਆਈ ਤਾਂ ਉੱਕਤ ਪੁਲੀਸ ਮੁਲਾਜ਼ਮ ਉਸ ਨੂੰ ਅਗਵਾ ਕਰਕੇ ਕਾਰ (ਨੰ. ਪੀਬੀ46 ਐੱਨ 272) ਵਿੱਚ ਬਿਠਾ ਕੇ ਫਰਾਰ ਹੋ ਗਿਆ। ਪੁਲੀਸ ਮੁਲਜ਼ਮ ਦੀ ਪੈੜ ਨੱਪਦੀ ਹੋਈ ਬਟਾਲਾ ਨੇੜੇ ਨਵਾਂ ਪਿੰਡ ਪੰਜ ਖੱਡਲ ਪੁੱਜੀ ਤਾਂ ਏਐੱਸਆਈ ਨੇ ਪਹਿਲਾਂ ਅਗਵਾ ਕੀਤੀ ਮਹਿਲਾ ਨੂੰ ਛੱਡ ਦਿੱਤਾ ਤੇ ਮਗਰੋਂ ਪੁਲੀਸ ਦਾ ਘੇਰਾ ਵਧਦਾ ਵੇਖ ਆਪਣੀ ਪਿਸਟਲ ਨਾਲ ਖੁ਼ਦ ਨੂੰ ਗੋਲੀ ਮਾਰ ਲਈ। ਉਸ ਦੀ ਥਾਏਂ ਮੌਤ ਹੋ ਗਈ। ਮੁਲਜ਼ਮ ਦੀ ਪਛਾਣ ਏਐੱਸਆਈ ਭੁਪਿੰਦਰ ਸਿੰਘ ਵਾਸੀ ਭੁੰਬਲੀ ਵਜੋਂ ਹੋਈ ਹੈ, ਜੋ ਅੰਮ੍ਰਿਤਸਰ ਵਿੱਚ ਆਲ੍ਹਾ ਅਧਿਕਾਰੀ ਦੀ ਸਕਿਓਰਿਟੀ ਵਿੱਚ ਤਾਇਨਾਤ ਸੀ। ਪੁਲੀਸ ਨੇ ਮੁਲਜ਼ਮ ਦੀ ਲਾਸ਼ ਪੋਸਟ ਮਾਰਟਮ ਲਈ ਭੇਜ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਮ੍ਰਿਤਕਾਂ ਦੀ ਪਛਾਣ ਬਲਜੀਤ ਕੌਰ (44) ਅਤੇ ਬਲਪ੍ਰੀਤ ਸਿੰਘ (18) ਵਜੋਂ ਹੋਈ। ਬਲਜੀਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਅਧਿਆਪਕ ਸੀ ਜਦੋਂਕਿ ਬਲਪ੍ਰੀਤ ਸਿੰਘ ਨੇ ਬਾਰ੍ਹਵੀਂ ਜਮਾਤ ਦੇ ਪੇਪਰ ਦਿੱਤੇ ਸਨ। ਮ੍ਰਿਤਕਾ ਆਪਣੇ ਪਿੱਛੇ ਇਕ ਬੇਟਾ ਗੁਰਲੀਨ ਸਿੰਘ ਛੱਡ ਗਈ, ਜੋ ਤਿੰਨ ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਹੈ। ਥਾਣਾ ਤਿੱਬੜ ਵਿੱਚ ਪੈਂਦੇ ਪਿੰਡ ਭੁੰਬਲੀ ਵਿੱਚ ਦੋਹਰੇ ਕਤਲ ਦੀ ਵਾਰਦਾਤ ਬਾਰੇ ਖ਼ਬਰ ਮਿਲਦੇ ਹੀ ਜ਼ਿਲ੍ਹਾ ਪੁਲੀਸ ਮੁਖੀ ਗੁਰਦਾਸਪੁਰ ਦਾਇਮਾ ਹਰੀਸ਼ ਓਮ ਪ੍ਰਕਾਸ਼ ਦੀ ਅਗਵਾਈ ਵਿੱਚ ਐੱਸਪੀ (ਡੀ) ਪ੍ਰਿਥੀਪਾਲ ਸਿੰਘ, ਡੀਐੱਸਪੀ ਸੁਖਪਾਲ ਸਿੰਘ, ਡੀਐੱਸਪੀ ਵਿਸ਼ਵਨਾਥ, ਥਾਣਾ ਤਿੱਬੜ ਮੁਖੀ ਅਮਨਦੀਪ ਕੌਰ, ਸਬ ਇੰਸਪੈਕਟਰ ਜਬਰਜੀਤ ਸਿੰਘ ਇੰਚਾਰਜ ਨਾਰਕੋਟਿਕ ਗੁਰਦਾਸਪੁਰ ਸਮੇਤ ਭਾਰੀ ਪੁਲੀਸ ਫੋਰਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਨੇੜਲੇ ਘਰਾਂ ਦੇ ਸੀਸੀਟੀਵੀ ਕੈਮਰੇ ਖੰਗਾਲਣ ਤੇ ਫੁਟੇਜ ਚੈੱਕ ਕਰਨ ’ਤੇ ਸਾਹਮਣੇ ਆਇਆ ਕਿ ਟੀ-ਸ਼ਰਟ ਤੇ ਲੋਅਰ ਪਾਈ ਵਿਅਕਤੀ, ਜਿਸ ਨੇ ਹੱਥ ਵਿੱਚ ਕਾਰਬਾਈਨ ਫੜੀ ਹੋਈ ਹੈ, ਲਾਲ ਸੂਟ ਵਾਲੀ ਇਕ ਔਰਤ ਨੂੰ ਨਾਲ ਲੈ ਕੇ ਜਾ ਰਿਹਾ ਹੈ।

ਇਸ ਦੌਰਾਨ ਪੁਲੀਸ ਨੂੰ ਜਾਣਕਾਰੀ ਮਿਲੀ ਕਿ ਫਰਾਰ ਏਐਸਆਈ ਭੁਪਿੰਦਰ ਸਿੰਘ ਬਟਾਲਾ ਨਾਲ ਲੱਗਦੇ ਨਵਾਂ ਪਿੰਡ ਪੰਜ ਖੱਡਲ ਵਿੱਚ ਆਪਣੇ ਕਿਸੇ ਜਾਣਕਾਰ ਦੇ ਘਰ ਲੁਕਿਆ ਹੈ। ਪੁਲੀਸ ਉਹਦੀ ਪੈੜ ਨੱਪਦੀ ਹੋਈ ਉਥੇ ਪੁੱਜੀ ਤੇ ਘਰ ਨੂੰ ਘੇਰਾ ਪਾ ਲਿਆ। ਮੁਲਜ਼ਮ ਨੇ ਅਗਵਾ ਕੀਤੀ ਮਹਿਲਾ ਨੂੰ ਛੱਡ ਦਿੱਤਾ ਅਤੇ ਮਗਰੋਂ ਪੁਲੀਸ ਦੇ ਘੇਰੇ ਵਿੱਚ ਹੀ ਉਸ ਨੇ ਆਪਣੀ ਹੀ ਪਿਸਟਲ ਨਾਲ ਖ਼ੁਦ ਨੂੰ ਗੋਲੀਆਂ ਮਾਰ ਲਈਆਂ। ਏਐੱਸਆਈ ਦੀ ਥਾਏਂ ਮੌਤ ਹੋ ਗਈ। ਇਸ ਤੋਂ ਪਹਿਲਾਂ ਜ਼ਿਲ੍ਹਾ ਪੁਲੀਸ ਮੁਖੀ ਦਾਇਮਾ ਹਰੀਸ਼ ਓਮ ਪ੍ਰਕਾਸ਼ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਸੀ ਕਿ ਮੁਲਜ਼ਮ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਸੀ ਕਿ ਇਸ ਦੋਹਰੇ ਕਤਲ ਦੀ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਨੇ ਮਾਂ-ਪੁੱਤ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤੀਆਂ ਹਨ।