ਅਬੂ ਧਾਬੀ, 11 ਜਨਵਰੀ
ਇੱਥੇ ਜ਼ਾਯਦ ਸਪੋਰਟਸ ਸਿਟੀ ਸਟੇਡੀਅਮ ਵਿੱਚ ਅੱਜ ਏਐੱਫਸੀ ਏਸ਼ੀਆ ਕੱਪ ਦੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਹੋਏ ਮੈਚ ਵਿੱਚ ਯੂਏਈ ਨੇ ਭਾਰਤ ਨੂੰ 2-0 ਨਾਲ ਹਰਾ ਦਿੱਤਾ। ਮੇਜ਼ਬਾਨ ਟੀਮ ਵੱਲੋਂ ਖਲਫ਼ਾਨ ਮੁਬਾਰਕ ਨੇ 41ਵੇਂ ਤੇ ਅਲੀ ਅਹਿਮਦ ਮਬਖੂਤ ਨੇ 88ਵੇਂ ਮਿੰਟ ’ਚ ਗੋਲ ਕੀਤੇ। ਇਸ ਜਿੱਤ ਨਾਲ ਯੂਏਈ ਗਰੁੱਪ ‘ਏ’ ਵਿੱਚ ਚਾਰ ਪੁਆਇੰਟਾਂ ਨਾਲ ਸਿਖ਼ਰ ’ਤੇ ਆ ਪਹੁੰਚ ਗਿਆ ਹੈ ਜਦੋਂਕਿ ਭਾਰਤ ਤਿੰਨ ਪੁਆਇੰਟਾਂ ਨਾਲ ਅਜੇ ਵੀ ਦੂਜੇ ਸਥਾਨ ’ਤੇ ਕਾਇਮ ਹੈ।
ਅੱਜ ਦੇ ਇਸ ਮੈਚ ਵਿੱਚ ਭਾਰਤੀ ਖਿਡਾਰੀਆਂ ਨੇ ਵੀ ਚੰਗੇ ਖੇਡ ਦਾ ਪ੍ਰਦਰਸ਼ਨ ਕੀਤਾ ਪਰ ਕਾਫੀ ਮੌਕੇ ਗੁਆਏ ਜਾਣ ਕਾਰਨ ਭਾਰਤ ਮੈਚ ਹਾਰ ਗਿਆ। ਅੱਠਵੇਂ ਮਿੰਟ ਵਿੱਚ ਭਾਰਤੀ ਖਿਡਾਰੀ ਸੰਦੇਸ਼ ਝਿੰਗਨ ਨੇ ਕਾਰਨਰ ਤੋਂ ਸਿਰ ਨਾਲ ਗੇਂਦ ਨੂੰ ਵਿਰੋਧੀ ਟੀਮ ਦੇ ਗੋਲ ਵੱਲ ਵਧਾਇਆ ਪਰ ਇਹ ਮੌਕਾ ਗੋਲ ਵਿੱਚ ਨਹੀਂ ਬਦਲ ਸਕਿਆ। ਇਸ ਤੋਂ ਬਾਅਦ ਸੁਨੀਲ ਛੇਤਰੀ ਦੇ ਹੈਡਰ ਨਾਲ ਗੇਂਦ ਨੂੰ ਥਾਪਾ ਨੇ ਗੋਲ ਵੱਲ ਵਧਾਇਆ ਪਰ ਯੂਏਈ ਦੇ ਖ਼ਾਲਿਦ ਈਸਾ ਨੇ ਬਹੁਤ ਹੀ ਸ਼ਾਨਦਾਰ ਢੰਗ ਨਾਲ ਗੋਲ ਹੋਣ ਤੋਂ ਬਚਾਅ ਲਿਆ। ਮੰਨਿਆ ਜਾ ਰਿਹਾ ਹੈ ਕਿ ਜੇਕਰ ਭਾਰਤ ਇਹ ਦੋ ਮੌਕੇ ਨਾ ਗੁਆਉਂਦਾ ਤਾਂ ਵਿਰੋਧੀ ਟੀਮ ਨੂੰ ਸਖ਼ਤ ਟੱਕਰ ਦੇ ਸਕਦਾ ਸੀ।
ਹੁਣ ਜੇਕਰ ਭਾਰਤ ਦਾ ਅਗਲਾ ਮੈਚ 14 ਜਨਵਰੀ ਨੂੰ ਬਹਿਰੀਨ ਨਾਲ ਹੋਵੇਗਾ। ਜੇਕਰ ਭਾਰਤ ਨੂੰ ਅਗਲੇ ਗੇੜ ਵੱਲ ਵਧਣਾ ਹੈ ਤਾਂ ਇਹ ਮੈਚ ਘੱਟੋ-ਘੱਟ ਡਰਾਅ ਕਰਾਉਣਾ ਹੋਵੇਗਾ।