ਜਲੰਧਰ, ਇੱਥੇ ਇੱਕ ਮੁਟਿਆਰ ਨੇ ਏਆਈਜੀ ਪੰਜਾਬ ਪੁਲੀਸ ਰਣਧੀਰ ਸਿੰਘ ਉੱਤੇ ਉਸਦਾ ਸਰੀਰਕ ਸੋਸ਼ਣ ਕਰਨ ਦੇ ਦੋਸ਼ ਲਾਏ ਹਨ। ਮੁਟਿਆਰ ਅਨੁਸਾਰ ਉਪਲ ਨੇ ਉਸ ਨੂੰ ਦੋ ਵਾਰ ਚੰਡੀਗੜ੍ਹ ਬੁਲਾਇਆ ਸੀ ਤੇ ਇੱਕ ਵਾਰ ਅੰਮ੍ਰਿਤਸਰ ਦੇ ਸੁੰਨਸਾਨ ਪਏ ਘਰ ਵਿਚ ਸੱਦਿਆ ਸੀ। ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਅਤੇ ਪਿਸਤੌਲ ਦਿਖਾ ਕੇ ਸਰੀਰਕ ਸ਼ੋਸ਼ਣ ਕੀਤਾ ਗਿਆ। ਚੰਡੀਗੜ੍ਹ ਵਿੱਚ ਉਪਲ ਨੇ ਉਸਨੂੰ ਸਾਰੀ ਰਾਤ ਜ਼ਬਰਦਸਤੀ ਆਪਣੇ ਕੋਲ ਰੱਖਣ ਬਾਅਦ ਹੀ ਉਸ ਨੂੰ ਸਿੱਧਾ ਅੰਮ੍ਰਿਤਸਰ ਕਾਲਜ ਜਾਣ ਲਈ ਧਮਕਾਇਆ ਸੀ। ਉਸ ਨੇ ਇਹ ਧਮਕੀ ਵੀ ਦਿੱਤੀ ਸੀ ਕਿ ਜੇ ਉਸ ਦੀ ਗੱਲ ਨਾ ਮੰਨੀ ਤਾਂ ਉਸ ਦੇ ਪਤੀ ਅਤੇ ਸਕੂਲ ਪੜ੍ਹਦੇ ਪੁੱਤਰ ਨੂੰ ਉਹ ਮਰਵਾ ਦੇਣਗੇ।
ਇੱਥੇ ਮੀਡੀਆ ਕਾਨਫਰੰਸ ਦੌਰਾਨ ਏਆਈਜੀ ਰਣਧੀਰ ਸਿੰਘ ਉੱਪਲ ਨੂੰ ਬਰਖ਼ਾਸਤ ਕਰਨ ਅਤੇ ਉਸ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕਰਦਿਆਂ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਐਲਾਨ ਕੀਤਾ ਕਿ ਜੇ ਅਜਿਹਾ ਨਾ ਕੀਤਾ ਗਿਆ ਤਾਂ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਅੱਗੇ ਧਰਨਾ ਲਾ ਦੇਣਗੇ।
ਅੰਮ੍ਰਿਤਸਰ ਵਿੱਚ ਕਾਨੂੰਨ ਦੀ ਪੜ੍ਹਾਈ ਕਰ ਰਹੀ ਮੁਟਿਆਰ ਵੱਲੋਂ ਏਆਈਜੀ ਰਣਧੀਰ ਸਿੰਘ ਉੱਪਲ ਵਿਰੁੱਧ ਸ਼ਿਕਾਇਤ ਕੀਤੀ ਨੂੰ ਹਫ਼ਤਾ ਬੀਤਣ ਬਾਅਦ ਵੀ ਕੇਸ ਦਰਜ ਨਾ ਕਰਨ ਦੀ ਨਿੰਦਾ ਕਰਦਿਆਂ ਸ੍ਰੀ ਬੈਂਸ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਨਾਂ ਦੀ ਚੀਜ਼ ਰਹਿ ਨਹੀਂ ਗਈ।ਪੀੜਤ ਮੁਟਿਆਰ ਨੇ ਦੱਸਿਆ ਕਿ ਉਸ ਨੇ ਪਹਿਲਾਂ ਅੰਮ੍ਰਿਤਸਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਮੁਟਿਆਰ ਦੀ ਮਾਂ ਸਮਾਜ ਸੇਵਿਕਾ ਹੈ, ਇਸੇ ਕਾਰਨ ਹੀ ਰਣਧੀਰ ਸਿੰਘ ਉੱਪਲ ਦਾ ਉਨ੍ਹਾਂ ਦੇ ਘਰ ਆਉਣਾ-ਜਾਣਾ ਸੀ। ਇਸ ਘਟਨਾ ਬਾਅਦ ਪੀੜਤ ਦਾ ਵਿਆਹੁਤਾ ਜੀਵਨ ਵੀ ਤਬਾਹ ਹੋ ਗਿਆ ਹੈ।