ਨਵੀਂ ਦਿੱਲੀ, 4 ਜਨਵਰੀ

ਏਅਰ ਇੰਡੀਆ ਦੇ ਨਿਊ ਯਾਰਕ ਤੋਂ ਦਿੱਲੀ ਆ ਰਹੇ ਜਹਾਜ਼ ਵਿੱਚ ਸਵਾਰ ਸ਼ਰਾਬੀ ਨੇ ਬਿਜ਼ਨਸ ਕਲਾਸ ਸੀਟ ਉੱਤੇ ਬੈਠੀ ਮਹਿਲਾ ਸਹਿ-ਯਾਤਰੀ ਉੱਤੇ ਕਥਿਤ ਤੌਰ ’ਤੇ ਪਿਸ਼ਾਬ ਕਰ ਦਿੱਤਾ। ਦੇਸ਼ ਦੇ ਹਵਾਬਾਜ਼ੀ ਰੈਗੂਲੇਟਰ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਏਅਰਲਾਈਨ ਤੋਂ ਘਟਨਾ ਦੀ ਰਿਪੋਰਟ ਮੰਗੀ ਹੈ। ਡੀਜੀਸੀਏ ਨੇ ਅੱਜ ਕਿਹਾ, ‘ਅਸੀਂ ਏਅਰਲਾਈਨ ਤੋਂ ਰਿਪੋਰਟ ਮੰਗ ਰਹੇ ਹਾਂ ਅਤੇ ਲਾਪ੍ਰਵਾਹੀ ਪਾਏ ਜਾਣ ਵਾਲਿਆਂ ਵਿਰੁੱਧ ਕਾਰਵਾਈ ਕਰਾਂਗੇ।’ ਏਅਰ ਇੰਡੀਆ ਨੇ 26 ਨਵੰਬਰ ਨੂੰ ਵਾਪਰੀ ਇਸ ਘਟਨਾ ਦੇ ਸਬੰਧ ਵਿੱਚ ਪੁਲੀਸ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਜਦੋਂ ਜਹਾਜ਼ ਨਿਊਯਾਰਕ ਦੇ ਜੌਹਨ ਐਫ ਕੈਨੇਡੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦਿੱਲੀ ਜਾ ਰਿਹਾ ਸੀ ਤਾਂ ਇਹ ਘਟਨਾ ਹੋਈ। ਅਧਿਕਾਰੀ ਨੇ ਕਿਹਾ ਕਿ ਇਸ ਘਟਨਾ ਬਾਅਦ ਏਅਰ ਇੰਡੀਆ ਨੇ ਅੰਦਰੂਨੀ ਕਮੇਟੀ ਦਾ ਕਾਇਮ ਕਰ ਦਿੱਤੀ ਹੈ, ਜਿਸ ਨੇ ਪੁਰਸ਼ ਯਾਤਰੀ ਨੂੰ “ਨੋ-ਫਲਾਈ ਸੂਚੀ” ਵਿੱਚ ਰੱਖਣ ਦੀ ਸਿਫਾਰਸ਼ ਕੀਤੀ। ਪ੍ਰਾਪਤ ਜਾਣਕਾਰੀ ਮੁਤਾਬਕ ਅਪਰਾਧ ਕਰਨ ਵਾਲੇ ’ਤੇ ਹਵਾਈ ਯਾਤਰਾ ਕਰਨ ਉੱਤੇ 30 ਦਿਨਾਂ ਦੀ ਪਾਬੰਦੀ ਲਗਾ ਦਿੱਤੀ ਗਈ ਹੈ।