ਨਵੀਂ ਦਿੱਲੀ, 7 ਜਨਵਰੀ

ਦਿੱਲੀ ਪੁਲੀਸ ਨੇ ਬੰਗਲੌਰ ਤੋਂ ਉਸ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਏਅਰ ਇੰਡੀਆ ਦੀ ਉਡਾਣ ਵਿੱਚ ਮਹਿਲਾ ਸਹਿ-ਯਾਤਰੀ ’ਤੇ ਕਥਿਤ ਤੌਰ ‘ਤੇ ਪਿਸ਼ਾਬ ਕਰ ਦਿੱਤਾ ਸੀ। ਪੁਲੀਸ ਦੇ ਡਿਪਟੀ ਕਮਿਸ਼ਨਰ (ਏਅਰਪੋਰਟ) ਰਵੀ ਕੁਮਾਰ ਸਿੰਘ ਨੇ ਕਿਹਾ, ‘ਦਿੱਲੀ ਪੁਲਿਸ ਦੀ ਟੀਮ ਨੇ ਆਈਜੀਆਈਏ ਮਾਮਲੇ ਦੇ ਮੁਲਜ਼ਮ ਸ਼ੰਕਰ ਮਿਸ਼ਰਾ ਨੂੰ ਬੰਗਲੌਰ ਤੋਂ ਗ੍ਰਿਫਤਾਰ ਕੀਤਾ ਹੈ। ਉਸ ਨੂੰ ਦਿੱਲੀ ਲਿਆਂਦਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।’ ਮਿਸ਼ਰਾ ਨੇ ਪਿਛਲੇ ਸਾਲ 26 ਨਵੰਬਰ ਨੂੰ ਨਿਊਯਾਰਕ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਦੀ ਬਿਜ਼ਨੈੱਸ ਕਲਾਸ ‘ਚ ਨਸ਼ੇ ਦੀ ਹਾਲਤ ‘ਚ ਬਜ਼ੁਰਗ ਔਰਤ ‘ਤੇ ਕਥਿਤ ਤੌਰ ‘ਤੇ ਪਿਸ਼ਾਬ ਕਰ ਦਿੱਤਾ ਸੀ। ਇਸ ਦੌਰਾਨ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਤੇ ਉਸ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਅਦਾਲਤ ਨੇ ਉਸ ਦਾ ਪੁਲੀਸ ਰਿਮਾਂਡ ਦੇਣ ਦੀ ਮੰਗ ਰੱਦ ਕਰ ਦਿੱਤੀ।
ਏਅਰ ਇੰਡੀਆ ਦੇ ਸੀਈਓ ਕੈਂਪਬੈਲ ਵਿਲਸਨ ਨੇ ਨਿਊਯਾਰਕ-ਦਿੱਲੀ ਫਲਾਈਟ ਦੌਰਾਨ ਯਾਤਰੀ ਵੱਲੋਂ ਆਪਣੀ ਸਹਿ-ਯਾਤਰੀ ‘ਤੇ ਪਿਸ਼ਾਬ ਕਰਨ ਦੀ ਘਟਨਾ ਲਈ ਮੁਆਫੀ ਮੰਗੀ ਹੈ।