ਸਿਵੇਲ: ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਵੀਆਰ ਚੌਧਰੀ ਨੇ ਭਾਰਤ ਵੱਲੋਂ ਖ਼ਰੀਦੇ ਜਾਣ ਵਾਲੇ 56 ਸੀ-295 ਟਰਾਂਸਪੋਰਟ ਜਹਾਜ਼ਾਂ ਵਿਚੋਂ ਪਹਿਲਾ ਜਹਾਜ਼ ਅੱਜ ਇੱਥੇ ‘ਏਅਰਬੱਸ ਡਿਫੈਂਸ ਤੇ ਸਪੇਸ’ ਤੋਂ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਭਾਰਤ ਨੇ ਏਅਰਬੱਸ ਨਾਲ ਇਸ ਸਬੰਧੀ 21,935 ਕਰੋੜ ਰੁਪਏ ਦਾ ਸੌਦਾ ਕੀਤਾ ਸੀ। ਇਹ ਜਹਾਜ਼ ਹਵਾਈ ਸੈਨਾ ਵਿਚ ਐਵਰੋ-748 ਫਲੀਟ ਦੀ ਥਾਂ ਲੈਣਗੇ। ਭਾਰਤੀ ਹਵਾਈ ਸੈਨਾ ਦੇ ਮੁਖੀ ਨੇ ਅੱਜ ਪਹਿਲਾ ਜਹਾਜ਼ ਏਅਰਬਸ ਦੀ ਸਪੇਨ ਦੇ ਸ਼ਹਿਰ ਸਿਵੇਲ ਸਥਿਤ ਉਤਪਾਦਨ ਇਕਾਈ ਵਿਚ ਹਾਸਲ ਕੀਤਾ। ਉਨ੍ਹਾਂ ਇਸ ਨੂੰ ਭਾਰਤੀ ਹਵਾਈ ਸੈਨਾ ਤੇ ਭਾਰਤ ਲਈ ‘ਵੱਡਾ ਮੌਕਾ’ ਕਰਾਰ ਦਿੱਤਾ। ਗੌਰਤਲਬ ਹੈ ਕਿ ਚਾਲੀ ਸੀ-295 ਜਹਾਜ਼ਾਂ ਦਾ ਨਿਰਮਾਣ ਗੁਜਰਾਤ ਦੇ ਵਡੋਦਰਾ ਸ਼ਹਿਰ ਵਿਚ ਹੋਵੇਗਾ। ਸੌਦੇ ਤਹਿਤ ਏਅਰਬੱਸ ਪਹਿਲੇ 16 ਜਹਾਜ਼ ਭਾਰਤ ਨੂੰ ‘ਫਲਾਈ-ਅਵੇਅ’ ਹਾਲਤ ਵਿਚ ਸੌਂਪੇਗੀ। ਇਹ ਜਹਾਜ਼ 2025 ਤੱਕ ਸਿਵੇਲ ਦੀ ਅਸੈਂਬਲੀ ਵਿਚ ਹੀ ਤਿਆਰ ਹੋਣਗੇ। ਬਾਕੀ 40 ਜਹਾਜ਼ ਭਾਰਤ ਵਿਚ ਟਾਟਾ ਐਡਵਾਂਸਡ ਸਿਸਟਮਜ਼ ਵੱਲੋਂ ਅਸੈਂਬਲ ਕੀਤੇ ਜਾਣਗੇ ਤੇ ਇਨ੍ਹਾਂ ਦਾ ਸੰਪੂਰਨ ਨਿਰਮਾਣ ਹੋਵੇਗਾ।