ਪੇਈਚਿੰਗ:ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਊਰਜਿਤ ਪਟੇਲ (58) ਨੂੰ ਪੇਈਚਿੰਗ ਆਧਾਰਿਤ ਏਸ਼ੀਅਨ ਇੰਫਰਾਸਟ੍ਰਕਚਰ ਇਨਵੈਸਟਮੈਂਟ ਬੈਂਕ (ਏਆਈਆਈਬੀ) ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਭਾਰਤ ਏਆਈਆਈਬੀ ਦਾ ਮੋਢੀ ਮੈਂਬਰ ਹੈ ਅਤੇ ਚੀਨ ਤੋਂ ਬਾਅਦ ਭਾਰਤ ਦਾ ਵੋਟਿੰਗ ਸ਼ੇਅਰ ਸਭ ਤੋਂ ਵੱਧ ਹੈ। ਬੈਂਕ ਦੀ ਅਗਵਾਈ ਚੀਨ ਦੇ ਸਾਬਕਾ ਉਪ ਵਿੱਤ ਮੰਤਰੀ ਜਿਨ ਲੀਕੁਨ ਕਰ ਰਹੇ ਹਨ। ਸ੍ਰੀ ਪਟੇਲ ਦਾ ਕਾਰਜਕਾਲ ਤਿੰਨ ਸਾਲਾਂ ਦਾ ਹੋਵੇਗਾ ਅਤੇ ਉਨ੍ਹਾਂ ਵੱਲੋਂ ਅਗਲੇ ਮਹੀਨੇ ਅਹੁਦਾ ਸੰਭਾਲੇ ਜਾਣ ਦੀ ਸੰਭਾਵਨਾ ਹੈ। ਸ੍ਰੀ ਪਟੇਲ ਨੇ ਰਘੂਰਾਮ ਰਾਜਨ ਵੱਲੋਂ 5 ਸਤੰਬਰ, 2016 ਨੂੰ ਅਹੁਦਾ ਛੱਡਣ ਮਗਰੋਂ ਰਿਜ਼ਰਵ ਬੈਂਕ ਆਫ਼ ਇੰਡੀਆ ਦੇ 24ਵੇਂ ਗਵਰਨਰ ਵਜੋਂ ਕਾਰਜਭਾਰ ਸੰਭਾਲਿਆ ਸੀ। ਉਨ੍ਹਾਂ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਦਸੰਬਰ, 2018 ’ਚ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸੂਤਰਾਂ ਨੇ ਕਿਹਾ ਕਿ ਉਹ ਡੀ ਜੇ ਪਾਂਡੀਅਨ ਦੀ ਥਾਂ ਲੈਣਗੇ। ਸ੍ਰੀ ਪਾਂਡੀਅਨ ਇਸ ਮਹੀਨੇ ਭਾਰਤ ਪਰਤ ਰਹੇ ਹਨ।