ਮੁੰਬਈ, 24 ਅਗਸਤ

ਕੇਂਦਰੀ ਮੰਤਰੀ ਨਰਾਇਣ ਰਾਣੇ ਵੱਲੋਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਕਥਿਤ ਥੱਪੜ ਮਾਰਨ ਸਬੰਧੀ ਦਿੱਤੇ ਬਿਆਨ ਕਾਰਨ ਮਹਾਰਾਸ਼ਟਰ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਟੀਵੀ ਚੈਨਲ ਦੀ ਰਿਪੋਰਟ ਮੁਤਾਬਕ ਉਨ੍ਹਾਂ ਖਿਲਾਫ਼ ਹੁਣ ਤੱਕ ਚਾਰ ਕੇਸ ਦਰਜ ਹੋ ਚੁੱਕੇ ਹਨ। ਰਤਨਾਗਿਰੀ ਅਦਾਲਤ ਨੇ ਉਨ੍ਹਾਂ ਦੀ ਅਗਾਊ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਤੇ ਬੰਬੇ ਹਾਈ ਕੋਰਟ ਨੇ ਪਟੀਸ਼ਨ ਸੁਣਨ ਤੋਂ ਇਨਕਾਰ ਕਰ ਦਿੱਤਾ। ਕੇਸ ਦਰਜ ਹੋਣ ਤੋਂ ਬਾਅਦ ਨਾਸਿਕ ਪੁਲੀਸ ਕਮਿਸ਼ਨਰ ਨੇ ਰਾਣੇ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦਾ ਹੁਕਮ ਦਿੱਤਾ ਸੀ। ਸ੍ਰੀ ਰਾਣੇ ਨੇ ਦਾਅਵਾ ਕੀਤਾ ਕਿ ਸੁਤੰਤਰਤਾ ਦਿਵਸ ਦੇ ਸੰਬੋਧਨ ਵਿੱਚ ਠਾਕਰੇ ਭੁੱਲ ਗਏ ਸਨ ਕਿ ਦੇਸ਼ ਦੀ ਆਜ਼ਾਦੀ ਨੂੰ ਕਿੰਨੇ ਸਾਲ ਹੋਏ ਹਨ। ਜੇ ਉਸ ਵੇਲੇ ਉਹ ਉਥੇ ਹੁੰਦੇ ਤਾਂ ਠਾਕਰੇ ਦੇ ਥੱਪੜ ਮਾਰ ਦਿੰਦੇ।ਉਧਰ ਰਾਣੇ ਦੇ ਮੁੰਬਈ ਸਥਿਤ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਦੌਰਾਨ ਰਾਣੇ ਨੇ ਕਿਹਾ ਕਿ ਉਹ ਆਮ ਆਦਮੀ ਨਹੀਂ ਹਨ ਤੇ ਉਨ੍ਹਾਂ ਨੇ ਕੋਈ ਅਪਰਾਧ ਨਹੀਂ ਕੀਤਾ। ਇਸ ਦੌਰਾਨ ਮੁੰਬਈ ’ਚ ਰਾਣੇ ਦੇ ਘਰ ਨੇੜੇ ਪ੍ਰਦਰਸ਼ਨ ਕਰਨ ਪੁੱਜ ਸ਼ਿਵ ਸੈਨਿਕਾਂ ਤੇ ਭਾਜਪਾ ਵਰਕਰਾਂ ਵਿਚਾਲੇ ਝੜਪ ਹੋ ਗਈ। ਦੋਵਾਂ ਧਿਰਾਂ ਵਿਚਾਲੇ ਪਥਰਾਅ ਹੋਇਆ। ਹਿੰਸਕ ਭੀੜ ਨੂੰ ਖਿੰਡਾਉਣ ਲਈ ਪੁਲੀਸ ਨੇ ਲਾਠੀਚਾਰਜ ਕੀਤਾ।