ਵੈਨਕੂਵਰ, ਕੁੱਝ ਸਾਲ ਪਹਿਲਾਂ ਡਰੱਗ ਵਿਕਰੀ, ਚੋਰੀ ਤੇ ਹੋਰ ਅਪਰਾਧਾਂ ਵਿੱਚ ਕਥਿੱਤ ਤੌਰ ਉੱਤੇ ਸ਼ਾਮਲ ਰਹੇ ਊਧਮ ਸੰਘੇੜਾ ਪਰਿਵਾਰ ਆਪਣੀ ਜਾਇਦਾਦ ਨੂੰ ਸਰਕਾਰੀ ਹੱਥਾਂ ਵਿੱਚ ਜਾਣ ਤੋਂ ਬਚਾਉਣ ਦੀ ਆਖ਼ਰੀ ਲੜਾਈ ਵੀ ਹਾਰ ਗਿਆ ਹੈ।
ਸਰਕਾਰ ਨੇ ਉਨ੍ਹਾਂ ਦੇ ਦੱਖਣੀ ਵੈਨਕੂਵਰ ਸਥਿੱਤ ਕਰੀਬ 45 ਲੱਖ ਡਾਲਰ ਦੀ ਕੀਮਤ ਵਾਲੇ ਤਿੰਨ ਘਰਾਂ ਨੂੰ ਇਸ ਅਧਾਰ ਉੱਤੇ ਕੁਰਕ ਕਰ ਲਿਆ ਸੀ ਕਿ ਉਹ ਗੈਰਕਨੂੰਨੀ ਕੰਮਾਂ ’ਚੋਂ ਹੋਈ ਕਮਾਈ ਨਾਲ ਬਣੇ ਹਨ। ਸੰਘੇੜਾ ਪਰਿਵਾਰ ਆਪਣੀ ਜਾਇਦਾਦ ਬਚਾਉਣ ਲਈ ਕਨੂੰਨੀ ਲੜਾਈ ਲੜ ਰਿਹਾ ਸੀ, ਪਰ ਸਫਲ ਨਹੀ ਹੋ ਸਕਿਆ। ਇਹ ਜਾਇਦਾਦ ਦੋ ਸਾਲ ਪਹਿਲਾਂ ਕੁਰਕ ਹੋਈ ਸੀ ਪਰ ਸੰਘੇੜਾ ਪਰਿਵਾਰ ਨੇ ਚੱਲਦੇ ਮਾਮਲੇ ’ਚੋਂ ਕੁਝ ਨੁਕਤੇ ਉਠਾ ਕੇ ਰਾਹਤ ਲੈਣ ਦਾ ਯਤਨ ਕੀਤਾ, ਪਰ ਬੀਸੀ ਸੁਪਰੀਮ ਕੋਰਟ ਦੇ ਜੱਜ ਵਲੋਂ ਉਨ੍ਹਾਂ ਦੀ ਦਲੀਲ ਖਾਰਜ ਕਰ ਦਿੱਤੀ ਗਈ।
ਊਧਮ ਸੰਘੇੜਾ ਦੀ ਪਤਨੀ ਜਸਪਾਲ ਸੰਘੇੜਾ ਦਾ ਕਹਿਣਾ ਸੀ ਕਿ ਤਿੰਨੇ ਘਰ ਉਸਦੇ ਹਨ ਤੇ ਇਹ ਉਸਦੀ ਕਮਾਈ ਵਿੱਚੋਂ ਬਣੇ ਹਨ। ਪਰ ਜੱਜ ਨੇ ਇਸਤਗਾਸਾ ਦਾ ਪੱਖ ਮੰਨਿਆ ਕਿ ਉਨ੍ਹਾਂ ਘਰਾਂ ਨੂੰ ਡਰੱਗ ਤਸਕਰੀ, ਮਾਰੂ ਹਥਿਆਰਾਂ ਦਾ ਭੰਡਾਰ ਕਰਨ ਅਤੇ ਚੋਰੀ ਕੀਤਾ ਸਾਮਾਨ ਛਪਾਉਣ ਲਈ ਵਰਤਿਆ ਜਾਂਦਾ ਸੀ, ਇਸ ਕਰਕੇ ਸਰਕਾਰ ਇੰਨ੍ਹਾਂ ਨੂੰ ਕਬਜ਼ੇ ’ਚ ਕਰ ਸਕਦੀ ਹੈ।
ਕੁਝ ਮਹੀਨੇ ਪਹਿਲਾਂ ਹੀ ਇੰਨਾਂ ਘਰਾਂ ਮੂਹਰੇ ਮਾਰੇ ਗਏ ਦੋ ਨੌਜੁਆਨਾਂ ’ਚ ਊਧਮ ਸੰਘੇੜਾ ਦਾ ਭਤੀਜਾ ਨਵਦੀਪ ਵੀ ਸ਼ਾਮਲ ਸੀ। ਇੰਨ੍ਹਾਂ ਕਤਲਾਂ ਦੇ ਦੋਸ਼ ’ਚ ਅਜੇ ਕਿਸੇ ਨੂੰ ਗ੍ਰਿਫ਼ਤਾਰ ਨਹੀ ਕੀਤਾ ਗਿਆ।