ਗੁਰੂ ਗੋਬਿੰਦ ਸਿੰਘ ਚਿਲਡਰਨ ਫਾਂਊਂਡੇਸ਼ਨ, ਟੀਪੀਏਆਰ ਕਲੱਬ ਅਤੇ ਐੱਨਲਾਈਟ ਕਿੱਡਜ਼ ਫ਼ਾਰ ਐਜੂਕੇਸ਼ਨ ਦੇ ਮੈਂਬਰਾਂ ਨੇ ਲਿਆ ਭਾਗ
ਬਰੈਂਪਟਨ, (ਡਾ. ਝੰਡ) – 13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਹੋਏ ਜੱਲਿਅ੍ਹਾਂਵਾਲੇ ਬਾਗ਼ ਦੇ ਖੂਨੀ ਸ਼ਹੀਦੀ ਸਾਕੇ ਦਾ 21 ਸਾਲਾਂ ਬਾਦ ਬਦਲਾ ਲੈਣ ਵਾਲੇ ਪੰਜਾਬ ਦੇ ਮਹਾਨ ਸਪੂਤ ਊਧਮ ਸਿੰਘ ਦੀ 31 ਜੁਲਾਈ 1940 ਨੂੰ ਹੋਈ ਸ਼ਹੀਦੀ ਨੂੰ ਸਮੱਰਪਿਤ ਰੱਨ-ਕਮ-ਵਾੱਕ ਦਾ ਸਫ਼ਲ ਆਯੋਜਨ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਂਊਂਡੇਸ਼ਨ, ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ (ਟੀਪੀਏਆਰ ਕਲੱਬ) ਅਤੇ ਐੱਨਲਾਈਟ ਕਿੱਡਜ਼ ਫ਼ਾਰ ਐਜੂਕੇਸ਼ਨ ਵੱਲੋਂ ਮਿਲ ਕੇ ਕੀਤਾ ਗਿਆ। ਕਰੋਨਾ-ਮਹਾਂਮਾਰੀ ਦਾ ਡੰਗ ਹੁਣ ਕੁਝ ਘੱਟ ਹੋਣ ‘ਤੇ ਸਰਕਾਰੀ ਪ੍ਰਸਾਸ਼ਨ ਵੱਲੋਂ ਇਸ ਮਹੀਨੇ ਦਿੱਤੀਆਂ ਗਈਆਂ ਢਿੱਲਾਂ ਤੇ ਖੁੱਲ੍ਹਾਂ ਦੇ ਮੱਦੇਨਜ਼ਰ ਇਨ੍ਹਾਂ ਤਿੰਨਾਂ ਉਤਸ਼ਾਹੀ ਸੰਸਥਾਵਾਂ ਦੇ ਪ੍ਰਬੰਧਕਾਂ ਵੱਲੋਂ ਇਹ ਪ੍ਰੋਗਰਾਮ ਉਲੀਕਿਆ ਗਿਆ ਜੋ ਕਰੋਨਾ ਕਾਲ਼ ਦੇ ਲੱਗਭੱਗ ਡੇਢ ਸਾਲ ਲੰਮੇਂ ਅਰਸੇਂ ਤੋਂ ਬਾਅਦ ਸੱਭ ਤੋਂ ਪਹਿਲਾ ਸਫ਼ਲ ਉਪਰਾਲਾ ਹੋ ਨਿਬੜਿਆ।
ਨਿਰਧਾਰਿਤ ਪ੍ਰੋਗਰਾਮ ਅਨੁਸਾਰ ਤਿੰਨਾਂ ਸੰਸਥਾਵਾਂ ਦੇ ਮੈਂਬਰ ਪੌਣੇ ਨੌਂ ਵਜੇ ਚਿੰਗੂਆਕੂਜ਼ੀ ਪਾਰਕ ਦੇ ਬਰੈਮਲੀ ਰੋਡ ਵਾਲੇ ਪਾਸੇ ਦੀ ਪਾਰਕਿੰਗ ਦੇ ਨੇੜੇ ਇਕੱਠੇ ਹੋਣੇ ਆਰੰਭ ਹੋ ਗਏ ਅਤੇ ਨੌਂ ਵਜੇ ਦੇ ਕਰੀਬ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਂਊਂਡੇਸ਼ਨ ਦੇ ਕੁਝ ਮੈਂਬਰ ਕਾਫ਼ੀ ਦਾ ਭਰਿਆ ਟੂਟੀ ਵਾਲਾ ਕੈਨ ਅਤੇ ਟਿਮਬੈੱਟਸ ਦੇ ਡੱਬੇ ਲੈ ਕੇ ਪਹੁੰਚ ਗਏ। ਇਸ ਦੇ ਨਾਲ ਨਾਲ ਹੀ ਕੇਲਿਆਂ ਦੇ ਵੱਡੇ-ਵੱਡੇ ਗੁੱਛੇ ਵੀ ਆ ਗਏ। ਏਨੇ ਨੂੰ ਬਰੈਂਪਟਨ ਦਾ ਟੀਵੀ ਪੱਤਰਕਾਰ ਚਮਕੌਰ ਸਿੰਘ ਮਾਛੀਕੇ ਜੋ ਪੀ.ਟੀ.ਐੱਨ 24, ਪਰਵਾਸੀ, ਹਮਦਰਦ, ਚੜ੍ਹਦੀ ਕਲਾ, ਆਦਿ ਟੀ. ਵੀ ਚੈਨਲਾਂ ਦੀ ਨੁਮਾਇੰਦਗੀ ਕਰਦੇ ਹਨ, ਵੀ ਆਪਣਾ ਕੈਮਰਾ ਲੈ ਕੇ ਉੱਥੇ ਪਹੁੰਚ ਗਏਾ। ਕਾਫ਼ੀ ਦੀਆਂ ਚੁਸਕੀਆਂ ਦੇ ਚੱਲਦਿਆਂ ਉਨ੍ਹਾਂੇ ਵੱਲੋਂ ਇਸ ਈਵੈਂਟ ਦੇ ਪ੍ਰਬੰਧਕਾਂ ਤੇ ਕੁਝ ਮੈਂਬਰਾਂ ਦੀਆਂ ਬਾਈਟਸ ਲਈਆਂ ਗਈਆਂ ਅਤੇ ਦੌੜ ਦੇ ਆਰੰਭ ਹੋਣ ਦੇ ਦ੍ਰਿਸ਼ ਕੈਮਰਾਬੰਦ ਕੀਤੇ ਗਏਾ।
ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਂਊਡੇਸ਼ਨ ਦੇ ਮੁੱਖ-ਪ੍ਰਬੰਧਕ ਪਰਮਜੀਤ ਸਿੰਘ ਢਿੱਲੋਂ ਨੇ ਇਸ ਮੌਕੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਰੋਨਾ ਨੇ ਸਾਨੂੰ ਸਾਰਿਆਂ ਨੂੰ ਡੇਢ ਸਾਲ ਵਿਛੋੜੀ ਰੱਖਿਆ ਹੈ ਅਤੇ ਅੱਜ ਸਾਨੂੰ ਇੱਥੇ ਦੌੜ ਤੇ ਵਾੱਕ ਦਾ ਇਹ ਈਵੈਂਟ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਕਰੋਨਾ ਦੇ ਕਾਰਨ ਹੋਰ ਈਵੈਂਟਸ ਵਾਂਗ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਂਊਡੇਸ਼ਨ ਵੱਲੋਂ ਪਿਛਲੇ ਸਾਲ 2020 ਅਤੇ ਇਸ ਸਾਲ ਵੀ ‘ਇਨਸਪੀਰੇਸ਼ਨਲ ਸਟੈੱਪਸ’ ਮੈਰਾਥਨ ਦਾ ਆਯੋਜਨ ਵੀ ਨਹੀਂ ਹੋ ਸਕਿਆ। ਇਸ ਵਾਰ ਫ਼ੈੱਡਰੇਸ਼ਨ ਦੇ ਮੈਂਬਰਾਂ ਅਤੇ ਸ਼ੁਭਚਿੰਤਕਾਂ ਨੂੰ ਜੁਲਾਈ ਮਹੀਨੇ ਦੌਰਾਨ ਇਹ ਮੈਰਾਥਨ ਦੌੜ ਆਪਣੇ ਪੱਧਰ ‘ਤੇ ਵਰਚੂਅਲ ਰੂਪ ਵਿਚ ਕਰਨ ਲਈ ਕਿਹਾ ਗਿਆ ਸੀ ਜਿਸ ਦਾ ਅੱਜ ਆਖ਼ਰੀ ਦਿਨ ਹੈ। ਉਨ੍ਹਾਂ ਹੋਰ ਕਿਹਾ ਕਿ ਜਿਨ੍ਹਾਂ ਵਿਅੱਕਤੀਆਂ ਨੇ ਇਹ ਦੌੜ ਪੂਰੀ ਕੀਤੀ ਹੈ, ਉਹ ਇਸ ਦੇ ਵੇਰਵੇ ਫ਼ਾੳਂੂਡੇਸ਼ਨ ਦੇ ਪ੍ਰਬੰਧਕਾਂ ਨੂੰ ਜਲਦੀ ਭੇਜਣ ਦੀ ਖੇਚਲ ਕਰਨ ਤਾਂ ਜੋ ਇਹ ਫ਼ਾਊਂਡੇਸ਼ਨ ਦੀ ਵੈੱਬਸਾਈਟ ਉੱਪਰ ਪਾਏ ਜਾ ਸਕਣ। ਪ੍ਰਬੰਧਕਾਂ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਡਾ. ਸੁਖਦੇਵ ਸਿੰਘ ਝੰਡ ਨੇ ਕਿਹਾ ਕਿ ਲੰਮੇਂ ਅਰਸੇ ਬਾਅਦ ਸ਼ੇਰ ਫਿਰ ਆਪਣੇ ‘ਘੁਰਨਿਆਂ’ ਵਿੱਚੋਂ ਬਾਹਰ ਆਏ ਹਨ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਟੀਪੀਏਆਰ ਕਲੱਬ ਤੇ ਹੋਰ ਖੇਡ-ਸੰਸਥਾਵਾਂ ਹੁਣ ਫਿਰ ਪਹਿਲਾਂ ਵਾਂਗ ਹੀ ਸਰਗ਼ਰਮ ਹੋਣਗੀਆਂ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਟੀਪੀਏਆਰ ਦੇ ਕੁਝ ਮੈਂਬਰਾਂ ਨੇ ਬੇਸ਼ਕ ਬਾਈਸਾਈਕਲਾਂ ‘ਤੇ ਹਰ ਹਫ਼ਤੇ ਲੰਮੇਂ ਪੈਂਡੇ ਤੈਅ ਕਰਕੇ ਆਪਣੇ ਆਪ ਨੂੰ ਫਿੱਟ ਰੱਖਣ ਦੀ ਕੋਸ਼ਿਸ਼ ਕੀਤੀ ਹੈ ਪਰ ਉਨ੍ਹਾਂ ਦੀ ਗਿਣਤੀ ਸੀਮਤ ਹੀ ਸੀ ਅਤੇ ਹੁਣ ਆਉਣ ਵਾਲੇ ਦਿਨਾਂ ਵਿਚ ਕਲੱਬ ਦੇ ਵੱਧ ਤੋਂ ਵੱਧ ਮੈਂਬਰ ਦੌੜਾਂ ਦੇ ਈਵੈਂਟਸ ਵਿਚ ਭਾਗ ਲੈਣਗੇ।
ਠੀਕ ਸਾਢੇ ਨੌਂ ਵਜੇ ਦੌੜਾਕਾਂ ਨੂੰ ਹਰੀ ਝੰਡੀ ਦਿੱਤੀ ਗਈ ਅਤੇ ਉਨ੍ਹਾਂ ਤੋਂ ਬਾਅਦ ਵਾੱਕਰਾਂ ਦੇ ਚੱਲਣ ਦੀ ਵਾਰੀ ਆਈ। ਦੌੜਾਕਾਂ ਨੇ ਪਾਰਕ ਦੇ ਬਾਹਰ ਵਾਲੇ ਚਾਰ ਚੱਕਰ ਲਗਾ ਕੇ ਲੱਗਭੱਗ 10 ਕਿਲੋਮੀਟਰ ਦੌੜ ਲਾਈ, ਜਦਕਿ ਵਾੱਕਰਾਂ ਵੱਲੋਂ ਦੋ ਜਾਂਂ ਤਿੰਨ ਬਾਹਰਲੇ ਚੱਕਰ ਪੂਰੇ ਕਰਕੇ ਪੰਜ ਤੋਂ ਸੱਤ ਕਿਲੋਮੀਟਰ ਪੈਂਡਾ ਤੈਅ ਕੀਤਾ ਗਿਆ। ਲੰਮੀ ਉਡੀਕ ਬਾਅਦ ਹੋਇਆ ਇਹ ਇਕ ਸ਼ੁਗਲੀਆ ਈਵੈਂਟ ਸੀ ਜਿਸ ਵਿਚ ਸਾਰਿਆਂ ਨੇ ਬੜੇ ਸ਼ੌਕ ਨਾਲ ਭਾਗ ਲਿਆ। ਮੈਰਾਥਨ ਦੌੜਾਕ ਧਿਆਨ ਸਿੰਘ ਸੋਹਲ, ਕੁਲਦੀਪ ਗਰੇਵਾਲ, ਕੇਸਰ ਸਿੰਘ ਬੜੈਚ, ਬਲਦੇਵ ਸਿੰਘ ਰਹਿਪਾ, ਹਰਭਜਨ ਸਿੰਘ ਗਿੱਲ, ਹਰਦੇਵ ਸਿੰਘ ਸਮਰਾ, ਪਾਲ ਬੈਂਸ, ਮਨਜੀਤ ਸਿੰਘ, ਬਰਮਿੰਦਰ ਜੱਸੀ, ਸੁਖਦੇਵ ਸਿੱਧੂ, ਸੁਖਦੇਵ ਸਿਧਵਾਂ, ਸੁਖਦੇਵ ਸਿੰਘ ਝੰਡ, ਜਸਵਿੰਦਰ ਸਿੰਘ, ਪਰਦੀਪ ਕੌਰ ਬਾਸੀ, ਬਲਪ੍ਰੀਤ ਕੌਰ ਬਾਸੀ ਤੇ ਕਈ ਹੋਰਨਾਂ ਸਮੇਤ ਇਸ ਵਿਚ 60 ਦੇ ਕਰੀਬ ਮੈਂਬਰਾਂ ਨੇ ਹਿੱਸਾ ਲਿਆ। ਇਸ ਈਵੈਂਟ ਦੀ ਵਿਲੱਖਣਤਾ ਇਹ ਸੀ ਕਿ ਇਸ ਵਿਚ ਕਈ ਮੈਂਬਰਾਂ ਨੇ ਆਪਣੇ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ, ਜਿਵੇਂ ਕੁਲਦੀਪ ਗਰੇਵਾਲ ਆਪਣੀ ਪਤਨੀ ਕੁਲਵੰਤ ਕੌਰ ਗਰੇਵਾਲ, ਬੇਟੇ ਰਣਜੀਤ ਗਰੇਵਾਲ, ਬੇਟੀ ਕਿਰਨ ਗਰੇਵਾਲ, ਦਾਮਾਦ ਕਾਇਲ ਅਤੇ ਪੋਤਰੇ ਈਥਨ ਗਰੇਵਾਲ ਨਾਲ ਸ਼ਾਮਲ ਹੋਏ। ਏਸੇ ਤਰ੍ਹਾਂ ਪਾਲ ਬੈਂਸ ਆਪਣੀ ਪਤਨੀ ਪਿੰਕੀ ਬੈਸ ਤੇ ਬੇਟੇ ਗੁਰਜਸ ਬੈਂਸ ਦੇ ਨਾਲ ਅਤੇ ਜੋਗੀ ਗੁਲਿਆਨੀ ਆਪਣੀ ਪਤਨੀਾਂ ਪਾਰੂ ਗੁਲਿਆਨੀ ਅਤੇ ਬੇਟੀ ਧ੍ਰਿਤੀ ਗੁਲਿਆਨੀ ਸਮੇਤ ਹਾਜ਼ਰ ਹੋਏ। ਇਸ ਦੇ ਨਾਲ਼ ਹੀ ‘ਟੋਰਾਂਟੋ ਡਰਾਈਵਿੰਗ ਸਕੂਲ’ ਦੇ ਮਾਲਕ ਜੱਸੀ ਵੜੈਚ ਤੇ ਤਰਲੋਚਨ ਵੜੈਚ ਦੌੜ ਦੇ ਇਸ ਈਵੈਂਟ ਵਿਚ ਪਹਿਲੀ ਵਾਰ ਸ਼ਾਮਲ ਹੋਏ। ਦੌੜਾਕਾਂ ਅਤੇ ਵਾੱਕਰਾਂ ਦੀ ਹੱਲਾਸ਼ੇਰੀ ਲਈ ਸੀਨੀਅਰਜ਼ ਵਤਨ ਸਿੰਘ ਗਿੱਲ, ਭਜਨ ਸਿੰਘ ਥਿੰਦ, ਜੰਗੀਰ ਸਿੰਘ ਸੈਂਹਬੀ ਇਸ ਮੌਕੇ ਉਚੇਚੇ ਤੌਰ ‘ਤੇ ਪਹੁੰਚੇ ਅਤੇ ਉਨ੍ਹਾਂ ਨੇ ਇਸ ਈਵੈਂਟ ਵਿਚ ਭਾਗ ਵੀ ਲਿਆ।
ਦੌੜ ਤੇ ਵਾੱਕ ਦੀ ਸਮਾਪਤੀ ‘ਤੇ ਏਅਰਪੋਰਟ ਰੋਡ ਤੇ ਕੰਟਰੀਸਾਈਡ ਇੰਟਰਸੈੱਕਸ਼ਨ ਵਾਲੇ ਪਲਾਜ਼ੇ ਸਥਿਤ ਸਬਵੇਅ ਰੈਸਟੋਰੈਂਟ ਦੇ ਮਾਲਕ ਕੁਲਵੰਤ ਧਾਲੀਵਾਲ ਵੱਲੋਂ ਭੇਜੇ ਗਏ ਲਜ਼ੀਜ਼ ਸੱਬਾਂ ਨਾਲ ਸਾਰਿਆਂ ਵੱਲੋਂ ਲੰਚ ਕੀਤਾ ਗਿਆ। ਜ਼ੀਟੀਵੀ ਦੇ ਪੱਤਰਕਾਰ ਦਪਿੰਦਰ ਸਿੰਘ ਵੱਲੋਂ ਈਵੈਂਟ ਦੇ ਅੰਤਲੇ ਪਲਾਂ ਨੂੰ ਆਪਣੇ ਕੈਮਰੇ ਵਿਚ ਕੈਦ ਕੀਤਾ ਗਿਆ ਅਤੇ ਉਸ ਨੇ ਪ੍ਰਬੰਧਕਾਂ ਦੀਆਂ ਕੁਝ ਬਾਈਟਸ ਵੀ ਲਈਆਂ। ਅਖ਼ੀਰ ਵਿਚ ਟੀਪੀਏਆਰ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਅਤੇ ਐੱਨਲਾਈਟ ਕਿੱਡਜ਼ ਦੇ ਮੁੱਖ-ਪ੍ਰਬੰਧਕ ਨਰਿੰਦਰ ਪਾਲ ਬੈਂਸ ਵੱਲੋਂ ਇਸ ਈਵੈਂਟ ਵਿਚ ਭਾਗ ਲੈਣ ਵਾਲਿਆਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ ਅਤੇ ਅੱਗੋਂ ਜਲਦੀ ਹੀ ਅਜਿਹੇ ਹੋਰ ਈਵੈਂਟ ਆਯੋਜਨ ਕਰਨ ਦਾ ਭਰੋਸਾ ਦਿੱਤਾ ਗਿਆ।