ਭੁਪਾਲ, 26 ਨਵੰਬਰ
ਮੱਧ ਪ੍ਰਦੇਸ਼ ਦੇ ਮੋਰੇਨਾ ਤੇ ਧੋਲਪੁਰ ਵਿਚਾਲੇ ਹੇਤਮਪੁਰ ਸਟੇਸ਼ਨ ’ਤੇ ਅੱਜ ਊਧਮਪੁਰ ਐਕਸਪ੍ਰੈਸ ਦੇ ਦੋ ਡੱਬਿਆਂ ਨੂੰ ਅੱਗ ਲੱਗ ਗਈ। ਇਹ ਜਾਣਕਾਰੀ ਮਿਲੀ ਹੈ ਕਿ ਇਸ ਵਿਚਲੇ ਜ਼ਿਆਦਾਤਰ ਯਾਤਰੀ ਵੈਸ਼ਨੋ ਦੇਵੀ ਦੇ ਦਰਸ਼ਨ ਕਰ ਕੇ ਵਾਪਸ ਪਰਤ ਰਹੇ ਸਨ। ਅੱਗ ਰੇਲ ਗੱਡੀ ਦੇ ਕੋਚ ਏ-1 ਤੇ ਏ-2 ਵਿਚ ਲੱਗੀ ਜਿਸ ਤੋਂ ਬਾਅਦ ਯਾਤਰੀਆਂ ਨੇ ਡੱਬਿਆਂ ਵਿਚੋਂ ਛਾਲਾਂ ਮਾਰ ਕੇ ਜਾਨ ਬਚਾਈ। ਇਸ ਦੌਰਾਨ ਕਈ ਯਾਤਰੀਆਂ ਦੇ ਹਲਕੀਆਂ ਸੱਟਾਂ ਵੀ ਲੱਗੀਆਂ ਪਰ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਅੱਗ ਨਾਲ ਦੋ ਡੱਬੇ ਸੜ ਗਏ ਤੇ ਰੇਲਵੇ ਨੇ ਇਨ੍ਹਾਂ ਡੱਬਿਆਂ ਨੂੰ ਵੱਖ ਕਰ ਕੇ ਰੇਲ ਗੱਡੀ ਗਵਾਲੀਅਰ ਰਵਾਨਾ ਕਰ ਦਿੱਤੀ ਹੈ।