ਨੋਇਡਾ/ਮੁਜ਼ੱਫਰਨਗਰ, 11 ਅਕਤੂਬਰ
ਉੱਤਰ ਪ੍ਰਦੇਸ਼ ਦੇ ਜੇਵਾਰ ਖੇਤਰ ਵਿਚ ਇਕ ਅਧੇੜ ਉਮਰ ਦੀ ਦਲਿਤ ਔਰਤ ਨਾਲ ਉਸ ਦੀ ਪਛਾਣ ਵਾਲੇ ਵਿਅਕਤੀਆਂ ਨੇ ਹੀ ਸਮੂਹਿਕ ਜਬਰ-ਜਨਾਹ ਕੀਤਾ। ਇਹ ਘਟਨਾ ਬੀਤੇ ਦਿਨ ਉਸ ਵੇਲੇ ਵਾਪਰੀ ਜਦੋਂ ਪੀੜਤਾ ਪਿੰਡ ਤੋਂ ਬਾਹਰ ਘਾਹ ਕੱਟਣ ਗਈ ਸੀ। ਇਸ ਦੌਰਾਨ ਇਕ ਵਿਅਕਤੀ ਜੋ ਕਿ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਸੀ, ਉੱਥੇ ਆਇਆ ਤੇ ਉਸ ਨੂੰ ਖਿੱਚ ਕੇ ਖੇਤਾਂ ਵਿਚ ਲੈ ਗਿਆ ਅਤੇ ਉਸ ਨਾਲ ਜਬਰ-ਜਨਾਹ ਕੀਤਾ। ਪੁਲੀਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਇਸੇ ਦੌਰਾਨ ਮੁਜ਼ੱਫਰਨਗਰ ਵਿਚ ਇਕ ਨੌਵੀਂ ਜਮਾਤ ਵਿਚ ਪੜ੍ਹਦੀ ਨਾਬਾਲਗ ਲੜਕੀ ਨਾਲ ਉਸ ਦੀ ਹੀ ਜਮਾਤ ਵਿਚ ਪੜ੍ਹਦੀ ਇਕ ਹੋਰ ਲੜਕੀ ਦੇ ਭਰਾ ਨੇ ਜਬਰ-ਜਨਾਹ ਕੀਤਾ। ਮੁਲਜ਼ਮ ਨੇ ਘਟਨਾ ਦੀ ਵੀਡੀਓ ਵੀ ਬਣਾਈ ਸੀ। ਪੁਲੀਸ ਵੱਲੋਂ ਕੇਸ ਦਰਜ ਕਰ ਕੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।
ਉੱਧਰ, ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਟਵੀਟ ਕਰ ਕੇ ਇਨ੍ਹਾਂ ਘਟਨਾਵਾਂ ਨੂੰ ਸ਼ਰਮਨਾਕ ਕਰਾਰ ਦਿੰਦਿਆਂ ਮੁਲਜ਼ਮਾਂ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।