ਸਿਓਲ, 26 ਜੂਨ
ਉੱਤਰ ਕੋਰੀਆ ਦੇ ਹਜ਼ਾਰਾਂ ਲੋਕਾਂ ਨੇ ਪਿਛਲੇ ਹਫ਼ਤੇ ਦੇ ਅਖੀਰ ਵਿਚ ਦੇਸ਼ ਦੀ ਰਾਜਧਾਨੀ ਵਿਚ ਅਮਰੀਕਾ ਵਿਰੋਧੀ ਮਾਰਚ ਵਿਚ ਹਿੱਸਾ ਲਿਆ ਹੈ। ਕੋਰਿਆਈ ਜੰਗ ਦੀ 73ਵੀਂ ਵਰ੍ਹੇਗੰਢ ਮੌਕੇ ਲੋਕਾਂ ਨੇ ‘ਅਮਰੀਕੀ ਸਾਮਰਾਜਵਾਦੀਆਂ’ ਤੋਂ ਬਦਲਾ ਲੈਣ ਦਾ ਅਹਿਦ ਕੀਤਾ। ਪਯੋਂਗਯੈਂਗ ਵਿਚ ਐਤਵਾਰ ਹੋਈ ਵੱਡੀ ਰੈਲੀ ’ਚ 1,20,000 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਹਾਲਾਂਕਿ 1950-53 ਦੀ ਜੰਗ ਉੱਤਰ ਕੋਰੀਆ ਵੱਲੋਂ ਅਚਾਨਕ ਹਮਲਾ ਕਰਨ ਨਾਲ ਸ਼ੁਰੂ ਹੋਈ ਸੀ, ਪਰ ਪਯੋਂਗਯੈਂਗ ਵਿਚ ਇਕੱਠੇ ਹੋਏ ਮੁਜ਼ਾਹਰਾਕਾਰੀਆਂ ਨੇ ਵਾਪਰੀਆਂ ਘਟਨਾਵਾਂ ਬਾਰੇ ਆਪਣੀ ਸਰਕਾਰ ਦੇ ਪੱਖ ਨੂੰ ਉਭਾਰਿਆ ਤੇ ਅਮਰੀਕਾ ’ਤੇ ਇਲਜ਼ਾਮ ਲਾਏ। ਉਨ੍ਹਾਂ ਉੱਤਰੀ ਕੋਰੀਆ ਦੀ ਵਧਦੀ ਪਰਮਾਣੂ ਤਾਕਤ ਤੇ ਮਿਜ਼ਾਈਲ ਪ੍ਰੋਗਰਾਮ ਉਤੇ ਵੀ ਮਾਣ ਜ਼ਾਹਿਰ ਕੀਤਾ। ਹਾਜ਼ਰ ਲੋਕਾਂ ਨੇ ਕਿਹਾ ਕਿ ਦੇਸ਼ ਕੋਲ ਹੁਣ ਅਮਰੀਕੀ ਸਾਮਰਾਜਵਾਦੀਆਂ ਨੂੰ ਸਜ਼ਾ ਦੇਣ ਲਈ ‘ਪੂਰੀ ਤਰ੍ਹਾਂ ਢੁੱਕਵੇਂ ਹਥਿਆਰ ਮੌਜੂਦ ਹਨ’, ਤੇ ਆਪਣਾ ਬਚਾਅ ਵੀ ਉਹ ਕਰ ਸਕਦੇ ਹਨ। ਇਸ ਰੋਸ ਮੁਜ਼ਾਹਰੇ ਦੀਆਂ ਫੋਟੋਆਂ ਉੱਤਰ ਕੋਰੀਆ ਦੇ ਇਕ ਅਖਬਾਰ ਵਿਚ ਪ੍ਰਕਾਸ਼ਿਤ ਹੋਈਆਂ ਹਨ। ਜ਼ਿਕਰਯੋਗ ਹੈ ਕਿ 2022 ਦੇ ਸ਼ੁਰੂ ਤੋਂ ਹੀ ਉੱਤਰ ਕੋਰੀਆ ਨੇ ਵੱਖ-ਵੱਖ ਦੂਰੀ ਤੱਕ ਮਾਰ ਕਰਨ ਵਾਲੀਆਂ ਕਰੀਬ 100 ਮਿਜ਼ਾਈਲਾਂ ਦਾ ਪ੍ਰੀਖਣ ਕੀਤਾ ਹੈ।
ਉੱਤਰ ਕੋਰੀਆ ਦਾ ਆਗੂ ਕਿਮ ਜੌਂਗ ਉਨ ਇਨ੍ਹਾਂ ਪ੍ਰੀਖਣਾਂ ਰਾਹੀਂ ਅਮਰੀਕਾ ਤੇ ਦੱਖਣ ਕੋਰੀਆ ਨੂੰ ਆਪਣੀ ਮਾਰ ਦੇ ਘੇਰੇ ਵਿਚ ਲਿਆਉਣ ਦਾ ਯਤਨ ਕਰ ਰਿਹਾ ਹੈ। ਉੱਤਰ ਕੋਰੀਆ ਵੱਲੋਂ ਪਹਿਲਾ ਫ਼ੌਜੀ ਸੈਟੇਲਾਈਟ ਛੱਡਣ ਦੇ ਯਤਨ ਵੀ ਕੀਤੇ ਜਾ ਰਹੇ ਹਨ। ਅਗਲੇ ਮਹੀਨੇ ਕਿਮ ਵੱਲੋਂ ਰਾਜਧਾਨੀ ਵਿਚ ਵੱਡੀ ਸੈਨਿਕ ਪਰੇਡ ਰੱਖਣ ਦੀ ਯੋਜਨਾ ਵੀ ਬਣਾਈ ਗਈ ਹੈ ਜਿਸ ਵਿਚ ਦੇਸ਼ ਦੀਆਂ ਸਭ ਤੋਂ ਤਾਕਤਵਰ ਮਿਜ਼ਾਈਲਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।