ਬਠਿੰਡਾ, ‘ਉੱਡਤਾ ਪੰਜਾਬ’ ਦੇ ਵਿਹੜੇ ’ਚ ਹਵਾ ਦਾ ਰੁਖ਼ ਬਦਲਿਆ ਹੈ। ਪੰਜਾਬ ’ਚ ‘ਮੋਹ ਦੀ ਜੱਫੀ’ ਨਾਲ ਨੌਜਵਾਨ ਨਸ਼ੇੜੀ ਆਪਣੇ ਦਾਗ ਧੋ ਰਹੇ ਹਨ, ਜਿਨ੍ਹਾਂ ਤੋਂ ਸਭ ਬੇਖ਼ਬਰ ਹਨ। ਇਹ ਖੁਦ ਹੀ ਡਾਕਟਰ ਤੇ ਖੁਦ ਹੀ ਮਰੀਜ਼ ਬਣਦੇ ਹਨ। ਇਹ ਪਹਿਲਾਂ ਆਪ ਨਸ਼ਾ ਛੱਡਦੇ ਹਨ, ਫਿਰ ਨਸ਼ੇੜੀਆਂ ਨੂੰ ਰਾਹ ਦਿਖਾਉਂਦੇ ਹਨ। ਕੋਈ ਫੀਸ ਨਹੀਂ, ਕੋਈ ਦਵਾਈ ਨਹੀਂ, ਸਿਰਫ਼ ‘ਇੱਛਾ ਸ਼ਕਤੀ’ ਜਲਵਾ ਦਿਖਾਉਂਦੀ ਹੈ। ਪੰਜਾਬ ਭਰ ’ਚ ਕਰੀਬ 600 ਨੌਜਵਾਨ ‘ਮੋਹ ਦੀ ਜੱਫੀ’ ਨਾਲ ‘ਚਿੱਟੇ’ ਨੂੰ ਅਲਵਿਦਾ ਆਖ ਚੁੱਕੇ ਹਨ। ਵਿਸ਼ਵ ਭਰ ’ਚ ਪੁਰਾਣੀ ਲਹਿਰ ‘ਅਗਿਆਤ ਨਸ਼ੇੜੀ’ (ਨਾਰਕੋਟਿਕਸ ਅਨੋਨੀਮੱਸ) ਚੱਲ ਰਹੀ ਹੈ, ਜਿਸ ਦੇ ਪੈਰ ਕੁਝ ਅਰਸੇ ਤੋਂ ਪੰਜਾਬ ’ਚ ਵੀ ਪਏ ਹਨ।
ਪੰਜਾਬ ਦੇ 25 ਵੱਡੇ-ਛੋਟੇ ਸ਼ਹਿਰਾਂ ’ਚ ਵੱਖ ਵੱਖ ਬੈਨਰ ਹੇਠ ਇਹ ਗਰੁੱਪ ਗੁਪਤ ਰੂਪ ਵਿਚ ਚੱਲ ਰਹੇ ਹਨ। ਹਫ਼ਤੇ ’ਚ ਦੋ ਦਿਨ ਨਿਸ਼ਚਿਤ ਥਾਂ ’ਤੇ ਗਰੁੱਪ ਵਿੱਚ ਸ਼ਾਮਲ ਹੋਏ ਮੈਂਬਰਾਂ ਦੀ ਮੀਟਿੰਗ ਹੁੰਦੀ ਹੈ। ਜੋ ਨਸ਼ਾ ਰਹਿਤ ਹੋ ਜਾਂਦੇ ਹਨ, ਉਹ ਆਪੋ ਆਪਣੇ ਸ਼ਹਿਰਾਂ ਵਿਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਨ। ਬਠਿੰਡਾ ਸ਼ਹਿਰ ਵਿਚ ਪੰਜ ਵਰ੍ਹਿਆਂ ਤੋਂ ‘ਰੋਡ ਟੂ ਰਿਕਵਰੀ’ ਗਰੁੱਪ ਚੱਲ ਰਿਹਾ ਹੈ। ਹੁਣ ਤੱਕ 60 ਨਸੇੜੀ ਨਸ਼ਾ ਛੱਡ ਚੁੱਕੇ ਹਨ। ਹੁਣ ਇਸ ਗਰੁੱਪ ਵੱਲੋਂ ਪੰਜ ਵਰ੍ਹੇ ਪੂਰੇ ਹੋਣ ’ਤੇ ਜਸ਼ਨ ਪ੍ਰੋਗਰਾਮ ਵੀ ਰੱਖੇ ਗਏ ਹਨ। ਰਾਮਾਂ ਮੰਡੀ ਵਿਚ ‘ਪ੍ਰਭੂ ਦੀ ਇੱਛਾ’ ਗਰੁੱਪ ਚੱਲ ਰਿਹਾ ਹੈ।
‘ਅਗਿਆਤ ਨਸ਼ੇੜੀ’ ਪ੍ਰੋਗਰਾਮ ਦੀ ਇੱਕੋ ਇਕ ਸ਼ਰਤ ਕਿਸੇ ਵੀ ਤਰ੍ਹਾਂ ਦੀ ਪ੍ਰਸ਼ੰਸਾ ਤੇ ਪ੍ਰਚਾਰ ਤੋਂ ਦੂਰ ਰਹਿਣਾ ਹੈ। ਇੱਕ ਸੀਨੀਅਰ ਮੈਂਬਰ ਨੇ ਦੱਸਿਆ ਕਿ ਉਹ ਪਹਿਲਾਂ ਚੰਡੀਗੜ੍ਹ ਤੋਂ ਖੁਦ ਨਸ਼ਾ ਛੱਡ ਕੇ ਆਇਆ, ਫਿਰ ਬਠਿੰਡਾ ਵਿਚ ਗਰੁੱਪ ਚਲਾਇਆ। ਨਸ਼ਾ ਛੱਡਣ ਵਾਲੇ ਮੈਂਬਰ ਪਹਿਲਾਂ ਨਵੇਂ ਨਸ਼ੇੜੀਆਂ ਦੀ ਸ਼ਨਾਖ਼ਤ ਕਰਦੇ ਹਨ, ਫਿਰ ਉਨ੍ਹਾਂ ਨਾਲ ਮੀਟਿੰਗਾਂ ਹੁੰਦੀਆਂ ਹਨ। ਇਨ੍ਹਾਂ ਮੀਟਿੰਗਾਂ ਵਿਚ ਉਹ ਆਪਣੇ ਤਜਰਬੇ ਸਾਂਝੇ ਕਰਦੇ ਹਨ। ਨਵੇਂ ਮੈਂਬਰ ਨੂੰ ਭਰਵਾਂ ਸਤਿਕਾਰ ਮਿਲਦਾ ਹੈ। ਸਭ ਤੋਂ ਪਹਿਲਾਂ ਇਨ੍ਹਾਂ ਦੀ ‘ਇੱਛਾ ਸ਼ਕਤੀ’ ਮਜ਼ਬੂਤ ਕੀਤੀ ਜਾਂਦੀ ਹੈ। ‘ਸ਼ੇਅਰਿੰਗ ਤੇ ਕੇਅਰਿੰਗ’ ਹੀ ਇਸ ਦਾ ਮੁੱਖ ਉਦੇਸ਼ ਹੈ। ਬਠਿੰਡਾ ਦੇ ਇੱਕ ਹੋਰ ਮੈਂਬਰ ਨੇ ਦੱਸਿਆ ਕਿ ਉਹ ਇੱਕ ਦੂਸਰੇ ਨੂੰ ਉਮੀਦ ਦਾ ਰਾਹ ਦਿਖਾਉਂਦੇ ਹਨ। ਹਰ ਮੈਂਬਰ ਨੂੰ ਪ੍ਰੋਗਰਾਮ ਦੀਆਂ ਬਾਰਾਂ ਪਰੰਪਰਾਵਾਂ ਨਿਭਾਉਣੀਆਂ ਪੈਂਦੀਆਂ ਹਨ, ਜਿਨ੍ਹਾਂ ਦਾ ਸਭਨਾਂ ਨੂੰ ਇਕ ਚਾਰਟ ਦਿੱਤਾ ਜਾਂਦਾ ਹੈ। ਕਿਸੇ ਸਰਕਾਰੀ ਤੇ ਗ਼ੈਰਸਰਕਾਰੀ ਮਦਦ ਤੋਂ ਬਿਨਾਂ ਖੁਦ ਨਸ਼ੇੜੀਆਂ ਨੇ ਇਹ ਹੰਭਲਾ ਮਾਰਿਆ ਹੈ।
ਜ਼ਿੰਦਗੀ ਨੂੰ ਮੋੜਾ ਦਿੰਦੇ ‘ਹਾਣੀ ਸਮੂਹ’
ਮੌੜ ਮੰਡੀ ’ਚ ਹੁਣ ਨਵਾਂ ਗਰੁੱਪ ਸ਼ੁਰੂ ਹੋਇਆ ਹੈ, ਜਦੋਂ ਕਿ ਮਾਨਸਾ ’ਚ ‘ਹੋਪ ਐਂਡ ਸਟਰੈਂਥ’ ਗਰੁੱਪ ਚੱਲ ਰਿਹਾ ਹੈ। ਲੁਧਿਆਣਾ ਵਿਚ ਦੋ ਜਗ੍ਹਾ ’ਤੇ ‘ਓਪਨ ਹਾਰਟ ਗਰੁੱਪ’ ਚੱਲ ਰਹੇ ਹਨ ਅਤੇ ਮੁਕਤਸਰ ’ਚ ‘ਅਲਾਈਵ ਐਂਡ ਫਰੀ’ ਗਰੁੱਪ ਚੱਲ ਰਿਹਾ ਹੈ। ਅੰਮ੍ਰਿਤਸਰ ’ਚ ‘ਵਿਸ਼ਵਾਸ ਗਰੁੱਪ’ ਅਤੇ ਮਾਹਿਲਪੁਰ ’ਚ ‘ਗੁੱਡ ਕੰਪਨੀ ਗਰੁੱਪ’ ਚੱਲ ਰਿਹਾ ਹੈ। ਇਵੇਂ ਹੀ ਕੋਟਕਪੂਰਾ, ਮਲੋਟ, ਮੋਗਾ, ਫਤਹਿਗੜ ਪੰਜਤੂਰ, ਬਟਾਲਾ ਤੇ ਸਰਹਿੰਦ ਵਿਚ ਵੀ ਗਰੁੱਪ ਚੱਲ ਰਹੇ ਹਨ।