ਟੋਕੀਓ,
ਭਾਰਤੀ ਅਥਲੀਟ ਮਰੀਅੱਪਨ ਥੰਗਾਵੇਲੂ ਤੇ ਸ਼ਰਦ ਕੁਮਾਰ ਨੇ ਅੱਜ ਟੋਕੀਓ ਪੈਰਾਲੰਪਿਕਸ ਵਿੱਚ ਪੁਰਸ਼ਾਂ ਦੇ ਉੱਚੀ ਛਾਲ ਦੇ ਟੀ-42 ਮੁਕਾਬਲੇ ਵਿੱਚ ਕ੍ਰਮਵਾਰ ਵਿੱਚ ਚਾਂਦੀ ਤੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਸ਼ੂਟਰ ਸਿੰਘਰਾਜ ਅਦਾਨਾ ਨੇ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਦੇਸ਼ ਦੀ ਝੋਲੀ ਕਾਂਸੀ ਦਾ ਤਗ਼ਮਾ ਪਾਇਆ ਹੈ। ਇਨ੍ਹਾਂ ਤਿੰਨ ਤਗ਼ਮਿਆਂ ਨਾਲ ਤਗ਼ਮਾ ਸੂਚੀ ਵਿੱਚ ਭਾਰਤ 10 ਤਗ਼ਮਿਆਂ ਨਾਲ 30ਵੇਂ ਸਥਾਨ ’ਤੇ ਕਾਬਜ਼ ਹੈ। ਚੀਨ ਤੇ ਗ੍ਰੇਟ ਬ੍ਰਿਟੇਨ ਕ੍ਰਮਵਾਰ 62 ਤੇ 29 ਸੋਨ ਤਗ਼ਮਿਆਂ ਨਾਲ ਪਹਿਲੇ ਦੋ ਸਥਾਨਾਂ ’ਤੇ ਹਨ।
ਆਪਣੇ ਖ਼ਿਤਾਬ ਦਾ ਬਚਾਅ ਕਰ ਰਹੇ ਮਰੀਅੱਪਨ ਨੇ 1.86 ਮੀਟਰ ਦੀ ਉੱਚੀ ਛਾਲ ਮਾਰੀ ਜਦੋਂਕਿ ਮੁਕਾਬਲੇ ਦੌਰਾਨ ਸੋਨ ਤਗ਼ਮਾ ਜਿੱਤਣ ਵਾਲੇ ਅਮਰੀਕੀ ਅਥਲੀਟ ਸੈਮ ਗ੍ਰਿਊ ਆਪਣੀ ਤੀਜੀ ਕੋਸ਼ਿਸ਼ ਵਿੱਚ 1.88 ਮੀਟਰ ਤੋਂ ਵੱਧ ਛਾਲ ਮਾਰਨ ਵਿੱਚ ਸਫ਼ਲ ਰਿਹਾ। ਕੁਮਾਰ 1.83 ਮੀਟਰ ਦੇ ਯਤਨ ਨਾਲ ਕਾਂਸੀ ਦਾ ਹੱਕਦਾਰ ਬਣਿਆ। ਉਧਰ ਰੀਓ ਪੈਰਾਲੰਪਿਕਸ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲਾ ਤੇ ਇਸ ਮੁਕਾਬਲੇ ਵਿੱਚ ਸ਼ਾਮਲ ਤੀਜਾ ਭਾਰਤੀ ਅਥਲੀਟ ਵਰੁਣ ਸਿੰਘ ਭੱਟੀ ਨੌਂ ਖਿਡਾਰੀਆਂ ’ਚੋਂ ਸੱਤਵੇਂ ਸਥਾਨ ’ਤੇ ਰਿਹਾ। ਉਹ 1.77 ਮੀਟਰ ਦੇ ਕੁਆਲੀਫਾਈਂਗ ਮਾਰਕ ਨੂੰ ਪਾਰ ਪਾਉਣ ਵਿੱਚ ਵੀ ਨਾਕਾਮ ਰਿਹਾ। ਇਸ ਤੋਂ ਪਹਿਲਾਂ ਅੱਜ ਦਿਨੇ ਸ਼ੂਟਰ ਸਿੰਘਰਾਜ ਅਦਾਨਾ ਨੇ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਐੱਸਐੱਚ1 ਮੁਕਾਬਲੇ ਵਿੱਚ ਦੇਸ਼ ਦੀ ਝੋਲੀ ਕਾਂਸੀ ਦਾ ਤਗ਼ਮਾ ਪਾਇਆ। ਭਾਰਤ ਟੋਕੀਓ ਪੈਰਾਲੰਪਿਕਸ ਵਿੱਚ ਹੁਣ ਤੱਕ ਦੋ ਸੋਨ, ਪੰਜ ਚਾਂਦੀ ਤੇ ਤਿੰਨ ਕਾਂਸੀ ਦੇ ਤਗ਼ਮੇ ਜਿੱਤ ਚੁੱਕਾ ਹੈ।