ਮੁੰਬਈ, 5 ਅਪਰੈਲ

ਉੱਘੀ ਅਦਾਕਾਰਾ ਸ਼ਸ਼ੀਕਲਾ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ। ਉਹ 88 ਵਰ੍ਹਿਆਂ ਦੇ ਸਨ। ਐਫਡਬਲਿਊਆਈਸੀਈ ਦੇ ਚੇਅਰਮੈਨ ਬੀਐਨ ਤਿਵਾੜੀ ਨੇ ਸ਼ਸ਼ੀਕਲਾ ਦੇ ਦੇਹਾਂਤ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਸ਼ਸ਼ੀਕਲਾ ਨੇ 1960 ਤੋਂ 70 ਦੇ ਦਹਾਕੇ ਵਿੱਚ ‘ਆਰਤੀ’, ‘ ਗੁਮਰਾਹ’ ਅਤੇ ‘ਛੋਟੇ ਸਰਕਾਰ’ ਵਰਗੀਆਂ ਫਿਲਮਾਂ ਵਿੱਚ ਬਿਹਤਰੀਨ ਸਹਾਇਕ ਦੀ ਭੂਮਿਕਾ ਨਿਭਾਈ ਸੀ। ਸ਼ਸ਼ੀਕਲਾ ਦਾ ਜਨਮ ਮਹਾਰਾਸ਼ਟਰ ਦੇ ਸੋਲਾਪੁਰ ਵਿੱਚ ਹੋਇਆ ਸੀ। ਉਨ੍ਹਾਂ ਦਾ ਪੂਰਾ ਨਾਂ ਸ਼ਸ਼ੀਕਲਾ ਜਾਵਲਕਰ ਸੀ ਤੇ ਉਨ੍ਹਾਂ ਨੇ ਪੰਜ ਸਾਲ ਦੀ ਉਮਰ ਵਿੱਚ ਹੀ ਸਟੇਜ ’ਤੇ ਐਕਟਿੰਗ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੀ ਪਹਿਲੀ ਫਿਲਮ ‘ਜ਼ੀਨਤ’ ਸੀ ਜੋ 1945 ਵਿੱਚ ਰਿਲੀਜ਼ ਹੋਈ ਸੀ। ਛੇ ਦਹਾਕਿਆਂ ਦੇ ਆਪਣੇ ਕਰੀਅਰ ਵਿੱਚ ਉਨ੍ਹਾਂ ਸੌ ਤੋਂ ਵਧ ਫਿਲਮਾਂ ਵਿੱਚ ਕੰਮ ਕੀਤਾ। ਉਨ੍ਹਾਂ ਨੂੰ 2007 ਵਿੱਚ ਪਦਮਸ੍ਰੀ ਐਵਾਰਡ ਦਿੱਤਾ ਗਿਆ ਸੀ। ਗਾਇਕਾ ਲਤਾ ਮੰਗੇਸ਼ਕਰ, ਅਦਾਕਾਰ ਫਰਹਾਨ ਅਖ਼ਤਰ, ਨਿਰਮਾਤਾ ਜਾਵੇਦ ਜਾਫਰੀ, ਕੇਂਦਰੀ ਮੰਤਰੀ ਜਤਿੰਦਰ ਸਿੰਘ ਅਤੇ ਰਾਸ਼ਟਰੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨੇ ਸ਼ਸ਼ੀਕਲਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ ਹੈ।