ਲਖਨਊ, 13 ਅਪਰੈਲ
ਉੱਤਰ ਪ੍ਰਦੇਸ਼ ਪੁਲੀਸ ਦੇ ਏਡੀਜੀਪੀ (ਕਾਨੂੰਨ ਅਤੇ ਵਿਵਸਥਾ) ਪ੍ਰਸ਼ਾਂਤ ਕੁਮਾਰ ਨੇ ਅੱਜ ਦੱਸਿਆ ਕਿ ਉਮੇਸ਼ ਪਾਲ ਕਤਲ ਕੇਸ ਵਿੱਚ ਲੋੜੀਂਦੇ ਸਾਬਕਾ ਸੰਸਦ ਮੈਂਬਰ ਅਤੀਕ ਅਹਿਮਦ ਦੇ ਪੁੱਤ ਅਸਦ ਤੇ ਸ਼ੂਟਰ ਗੁਲਾਮ ਨੂੰ ਝਾਂਸੀ ਵਿੱਚ ਉੱਤਰ ਪ੍ਰਦੇਸ਼ ਪੁਲੀਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਹੈ।ਸ੍ਰੀ ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਪ੍ਰਯਾਗਰਾਜ ‘ਚ ਉਮੇਸ਼ ਪਾਲ ਕਤਲ ਕਾਂਡ ‘ਚ ਲੋੜੀਂਦੇ ਅਸਦ ਅਤੇ ਗੁਲਾਮ ’ਤੇ 5-5 ਲੱਖ ਦਾ ਇਨਾਮ ਸੀ। ਇਨ੍ਹਾਂ ਦੀ ਯੂਪੀ ਐੱਸਟੀਐੱਫ ਨਾਲ ਮੁਕਾਬਲੇ ‘ਚ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਯੂਪੀ ਐੱਸਟੀਐੱਫ ਦੀ ਟੀਮ ਵਿੱਚ ਡਿਪਟੀ ਸੁਪਰਡੈਂਟ ਆਫ਼ ਪੁਲਿਸ ਨਵੇਂਦੂ ਅਤੇ ਵਿਮਲ ਸ਼ਾਮਲ ਸਨ।
ਉਨ੍ਹਾਂ ਦੱਸਿਆ ਕਿ ਮੁਕਾਬਲੇ ਵਿੱਚ ਮਾਰੇ ਮੁਲਜ਼ਮਾਂ ਕੋਲੋਂ ਅਤਿ-ਆਧੁਨਿਕ ਵਿਦੇਸ਼ੀ ਹਥਿਆਰ ਬਰਾਮਦ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ 2005 ‘ਚ ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਰਾਜੂ ਪਾਲ ਦੇ ਕਤਲ ਮਾਮਲੇ ‘ਚ ਅਹਿਮ ਗਵਾਹ ਰਹੇ ਉਮੇਸ਼ ਪਾਲ ਅਤੇ ਉਨ੍ਹਾਂ ਦੇ ਦੋ ਸੁਰੱਖਿਆ ਗਾਰਡਾਂ ਦੀ ਇਸ ਸਾਲ 24 ਫਰਵਰੀ ਨੂੰ ਪ੍ਰਯਾਗਰਾਜ ਦੇ ਧੂਮਨਗੰਜ ਇਲਾਕੇ ‘ਚ ਉਨ੍ਹਾਂ ਦੇ ਘਰ ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।