ਨਵੀਂ ਦਿੱਲੀ, ਭਾਜਪਾ ਦਾ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੀਰਵਾਰ ਨੂੰ ਰਾਜ ਸਭਾ ਦੇ ਉਪ ਸਭਾਪਤੀ ਦੀ ਹੋਣ ਵਾਲੀ ਅਹਿਮ ਚੋਣ ਮੌਕੇ ਗ਼ੈਰਹਾਜ਼ਰ ਰਹਿ ਸਕਦਾ ਹੈ। ਸੂਤਰਾਂ ਨੇ ਕਿਹਾ ਕਿ ਇਸ ਬਾਬਤ ਫ਼ੈਸਲਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਇਥੇ ਰਿਹਾਇਸ਼ ’ਤੇ ਹੋਈ ਬੈਠਕ ਦੌਰਾਨ ਲਿਆ ਗਿਆ। ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਮੀਟਿੰਗ ਦੀ ਪੁਸ਼ਟੀ ਕੀਤੀ ਹੈ।
ਗ਼ੌਰਤਲਬ ਹੈ ਕਿ ਨਰੇਸ਼ ਗੁਜਰਾਲ ਸਮੇਤ ਪਾਰਟੀ ਦੇ ਤਿੰਨ ਮੈਂਬਰ ਰਾਜ ਸਭਾ ’ਚ ਹਨ। ਜਾਣਕਾਰੀ ਮੁਤਾਬਕ ਅਕਾਲੀ ਦਲ ਨੇ ਅਹੁਦੇ ਲਈ ਸ੍ਰੀ ਗੁਜਰਾਲ ਜਾਂ ਸੁਖਦੇਵ ਸਿੰਘ ਢੀਂਡਸਾ ਦੇ ਨਾਂ ਪੇਸ਼ ਕੀਤੇ ਸਨ ਪਰ ਦੱਸਿਆ ਜਾਂਦਾ ਹੈ ਕਿ ਭਾਜਪਾ ਨੇ ਇਹ ਮੰਗ ਰੱਦ ਕਰ ਦਿੱਤੀ।
ਉਧਰ ਟੀਡੀਪੀ ਦੇ ਰਾਜ ਸਭਾ ਮੈਂਬਰ ਸੀ.ਐਮ. ਰਮੇਸ਼ ਨੂੰ ਸੰਸਦ ਦੀ ਲੋਕ ਲੇਖਾ ਕਮੇਟੀ (ਪੀਏਸੀ) ਲਈ ਚੁਣ ਲਿਆ ਗਿਆ। ਇਹ ਉਪ ਸਭਾਪਤੀ ਦੀ ਚੋਣ ਤੋਂ ਪਹਿਲਾਂ ਭਾਜਪਾ ਲਈ ਰਾਜ ਸਭਾ ਵਿੱਚ ਝਟਕਾ ਹੈ। ਚੋਣ ਲੜਨ ਵਾਲੇ ਤਿੰਨ ਉਮੀਦਵਾਰਾਂ ’ਚੋਂ ਰਮੇਸ਼ ਨੂੰ 106 ਵੋਟਾਂ ਮਿਲੀਆਂ ਜਦਕਿ ਭਾਜਪਾ ਆਗੂ ਭੁਪੇਂਦਰ ਯਾਦਵ ਨੂੰ 69 ਵੋਟਾਂ ਮਿਲੀਆਂ। ਰਾਜ ਸਭਾ ’ਚ ਉਪ ਸਭਾਪਤੀ ਅਹੁਦੇ ਦੇ ਐਨਡੀਏ ਵੱਲੋਂ ਸੰਭਾਵਿਤ ਉਮੀਦਵਾਰ ਹਰੀਵੰਸ਼ ਨੂੰ ਮਹਿਜ਼ 26 ਵੋਟ ਹਾਸਲ ਹੋਏ।