ਵੈਨਕੂਵਰ : ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਨੇੜਲਿਆਂ ’ਚੋਂ ਇਕ ਮੰਨਿਆ ਜਾਂਦਾ ਸੀ, ਵਲੋਂ ਲੰਘੇ ਦਿਨ ਚਾਣਚੱਕ ਦਿੱਤਾ ਅਸਤੀਫਾ ਜਨਤਕ ਹੁੰਦੇ ਹੀ ਸਿਆਸੀ ਹਲਕਿਆਂ ਵਿੱਚ ਟਰੂਡੋ ਸਰਕਾਰ ਦੇ ਭਵਿੱਖ ਬਾਰੇ ਕਿਆਸ-ਅਰਾਈਆਂ ਸ਼ੁਰੂ ਹੋ ਗਈਆਂ। ਆਮ ਚੋਣਾਂ ਤੋਂ 10 ਮਹੀਨੇ ਪਹਿਲਾਂ ਪੈਦਾ ਹੋਏ ਇਸ ਸੰਕਟ ਨਾਲ ਦੇਸ਼ ਵਿਚ ਮੱਧਕਾਲੀ ਚੋਣਾਂ ਦੇ ਆਸਾਰ ਬਣਨ ਲੱਗੇ ਹਨ। ਵਿੱਤ ਮੰਤਰੀ ਦੇ ਲੰਘੇ ਦਿਨ ਹਾਊਸ ਆਫ ਕਾਮਨਜ਼ ਵਿੱਚ ਵਿੱਤੀ ਹਾਲਾਤ ਬਾਰੇ ਵਿਸਥਾਰਤ ਜਾਣਕਾਰੀ ਦੇਣ ਤੋਂ ਕੁਝ ਘੰਟੇ ਪਹਿਲਾਂ ਅਹੁਦੇ ਤੋਂ ਪਾਸੇ ਹੋਣ ਦੇ ਐਲਾਨ ਨੇ ਜਸਟਿਨ ਟਰੂਡੋ ਸਰਕਾਰ ਲਈ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਹਨ। ਬੇਸ਼ੱਕ ਜਨਤਕ ਸੁਰੱਖਿਆ ਮੰਤਰੀ ਡੋਮੀਨਿਕ ਲੇਬਲੈਂਕ ਨੇ ਫ੍ਰੀਲੈਂਡ ਦੀ ਥਾਂ ਵਿੱਤ ਮੰਤਰੀ ਵਜੋਂ ਸਹੁੰ ਚੁੱਕ ਲਈ, ਪਰ ਟਰੂਡੋ ਸਰਕਾਰ ਅਤੇ ਦੇਸ਼ ਦੇ ਭਵਿੱਖ ਦੀ ਹੋ ਰਹੀ ਚਰਚਾ ’ਚ ਫਰਕ ਨਾ ਪਿਆ।
ਜਸਟਿਨ ਟਰੂਡੋ ਤੇ ਫ੍ਰੀਲੈਂਡ ਵਿਚਾਲੇ ਖਟਾਸ ਦੀਆਂ ਕਨਸੋਆਂ ਕਈ ਦਿਨਾਂ ਤੋਂ ਚੱਲ ਰਹੀਆਂ ਸਨ, ਪਰ ਅਚਾਨਕ ਅਸਤੀਫਾ ਦੇਣ ਦਾ ਕਾਰਨ ਸਰਕਾਰ ਕੋਲ ਵਿੱਤੀ ਪ੍ਰਬੰਧਾਂ ਦੀ ਘਾਟ ਮੰਨਿਆ ਜਾ ਰਿਹਾ ਹੈ। ਪੱਤਝੜ ਰੁੱਤ ਦੇ ਪਾਰਲੀਮੈਂਟ ਸੈਸ਼ਨ ਵਿੱਚ ਸੋਮਵਾਰ ਨੂੰ ਦਿੱਤੀ ਜਾਣ ਵਾਲੀ ਤਾਜ਼ਾ ਵਿੱਤੀ ਜਾਣਕਾਰੀ ਵਿੱਚ ਇਸ 250 ਵਾਲੇ ਫੰਡ (ਵਾਅਦੇ) ਦਾ ਕੋਈ ਜ਼ਿਕਰ ਨਹੀਂ ਸੀ, ਕਿਉਂਕਿ ਬਜਟ ਘਾਟਾ ਪਹਿਲਾਂ ਹੀ 62 ਬਿਲੀਅਨ ’ਤੇ ਪਹੁੰਚ ਚੁੱਕਾ ਹੈ। ਇਹ ਵੀ ਪਤਾ ਲੱਗਾ ਹੈ ਕਿ ਘੱਟਗਿਣਤੀ ਸਰਕਾਰ ਕੋਲ ਇਸ ਵਿੱਤੀ ਬਿੱਲ ਨੂੰ ਪਾਸ ਕਰਨ ਲਈ ਸੰਸਦ ਵਿੱਚ ਕਿਸੇ ਹੋਰ ਪਾਰਟੀ ਦਾ ਸਮਰਥਨ ਵੀ ਨਹੀਂ ਸੀ। ਕੁਝ ਮਹੀਨਿਆਂ ਤੋਂ ਸਰਕਾਰ ਨੂੰ ਉਹ ਖਰਚੇ ਵੀ ਝੱਲਣੇ ਪੈ ਰਹੇ ਹਨ, ਜਿਨ੍ਹਾਂ ਦਾ ਚਿੱਤ ਚੇਤਾ ਵੀ ਨਹੀਂ ਸੀ। ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ 25 ਫੀਸਦ ਟੈਰਿਫ ਤੇ ਸਰਹੱਦੀ ਸੁਰੱਖਿਆ ਬਾਰੇ ਕੀਤੀ ਟਿੱਪਣੀ ਤੋਂ ਬਾਅਦ ਕੈਨੇਡਾ ਨੂੰ ਸੀਮਾ ਸੁਰੱਖਿਆ ਦੀ ਮਜ਼ਬੂਤੀ ਲਈ ਆਧੁਨਿਕ ਸਮੱਗਰੀ ਅਤੇ ਨਫਰੀ ਵਾਧੇ ਲਈ ਅਚਾਨਕ ਇੱਕ ਅਰਬ ਡਾਲਰ ਤੋਂ ਵੱਧ ਦਾ ਪ੍ਰਬੰਧ ਕਰਨਾ ਪਿਆ ਹੈ।
ਇਸ ਦੌਰਾਨ ਇੱਕ ਇਤਬਾਰੀ ਸੰਸਥਾ ਵੱਲੋਂ ਕਰਵਾਏ ਸਰਵੇਖਣ ਵਿੱਚ 77 ਫੀਸਦ ਕੈਨੇਡਿਆਈ ਲੋਕਾਂ ਨੇ ਫੌਰੀ ਚੋਣਾਂ ਕਰਵਾ ਕੇ ਦੇਸ਼ ਦੀ ਸੱਤਾ ਹੋਰ ਪਾਰਟੀ ਹੱਥ ਸੌਂਪਣ ਦੀ ਰਾਇ ਜ਼ਾਹਿਰ ਕੀਤੀ ਹੈ। ਇਸੇ ਸੰਸਥਾ ਵੱਲੋਂ ਸਤੰਬਰ ਵਿਚ ਕਰਵਾਏ ਸਰਵੇਖਣ ਵਿੱਚ ਜਸਟਿਨ ਟਰੂਡੋ ਦੀ ਲੋਕਪ੍ਰਿਅਤਾ 5 ਫੀਸਦ ਦੇ ਖੋਰੇ ਨਾਲ 21 ਫੀਸਦ ਰਹਿ ਗਈ ਸੀ, ਜਦ ਕਿ ਟੋਰੀ ਆਗੂ ਪੀਅਰ ਪੋਲੀਵਰ ਦੀ ਪ੍ਰਧਾਨ ਮੰਤਰੀ ਵਜੋਂ ਲੋਕਪ੍ਰਿਅਤਾ 77 ਫੀਸਦ ’ਤੇ ਜਾ ਪਹੁੰਚੀ ਹੈ।