ਉਨਟਾਰੀਓ `ਚ ਹੈਲਮੈਟ ਤੋਂ ਛੋਟ ਦੇ ਮੁੱਦੇ `ਤੇ ਛਿੜੀ ਬਹਿਸ

ਉਨਟਾਰੀਓ, 17 ਸਤੰਬਰ: ਉਨਟਾਰੀਓ ਦੇ ਟਰਾਂਸਪੋਰਟੇਸ਼ਨ ਮੰਤਰਾਲੇ ਨੇ ਕਿਹਾ ਹੈ ਕਿ ਇਸ ਸਰਦੀਆਂ ਦੇ ਮੌਸਮ ਦੌਰਾਨ ਸੂਬੇ `ਚ ਦਸਤਾਰਧਾਰੀ ਸਿੱਖ ਚਾਲਕਾਂ ਨੂੰ ਦੋ-ਪਹੀਆ ਵਾਹਨਾਂ `ਤੇ ਹੈਲਮੈਟ ਤੋਂ ਛੋਟ ਦੇ ਦਿੱਤੀ ਜਾਵੇਗੀ। ਮੰਤਰਾਲੇ ਦੇ ਇਸ ਐਲਾਨ ਤੋਂ ਬਾਅਦ ਸੂਬੇ `ਚ ਬਹਿਸ ਛਿੜ ਗਈ ਹੈ ਕਿ ਅਜਿਹੀ ਇਜਾਜ਼ਤ ਦੇਣੀ ਚਾਹੀਦੀ ਹੈ ਕਿ ਨਹੀਂ ਕਿਉਂਕਿ ਬਿਨਾ ਹੈਲਮੈਟ ਤੋਂ ਦੋ-ਪਹੀਆ ਵਾਹਨ ਚਾਲਕਾਂ ਲਈ ਵੱਡਾ ਖ਼ਤਰਾ ਮੰਨਿਆ ਜਾਂਦਾ ਹੈ।
ਸਿੱਖ ਮੋਟਰਸਾਇਕਲ ਚਾਲਕਾਂ ਨੂੰ ਹੈਲਮੈਟ ਤੋਂ ਛੋਟ ਦੀ ਸੰਭਾਵਨਾ ਪਿਛਲੇ ਕਈ ਵਰ੍ਹਿਆਂ ਤੋਂ ਵਿਵਾਦ ਦਾ ਵਿਸ਼ਾ ਬਣਿਆ ਹੋਇਆ ਹੈ। ਹੁਣ ਉਨਟਾਰੀਓ ਦੇ ਪ੍ਰੀਮੀਅਰ ਡੂਗ ਫ਼ੌਰਡ ਨੇ ਵੀ ਆਖ ਦਿੱਤਾ ਹੈ ਕਿ ਸਿੱਖ ਮੋਟਰਸਾਇਕਲ ਚਾਲਕਾਂ ਦੇ ਸ਼ਹਿਰੀ ਅਧਿਕਾਰਾਂ ਤੇ ਉਨ੍ਹਾਂ ਦੇ ਧਾਰਮਿਕ ਪ੍ਰਗਟਾਵੇ ਨੂੰ ਮਾਨਤਾ ਦਿੰਦੇ ਹੋਏ ‘ਮੋਟਰਸਾਇਕਲ ਹੈਲਮੈਟ ਕਾਨੁੰਨ` ਵਿੱਚ ਤਬਦੀਲੀ ਕੀਤੀ ਜਾਵੇਗੀ।
ਜੇ ਇਹ ਮਨਜ਼ੂਰੀ ਦੇ ਦਿੱਤੀ ਜਾਂਦੀ ਹੈ, ਤਾਂ ਸਿੱਖਾਂ ਨੂੰ ਹੈਲਮੈਟ ਕਾਨੂੰਨ ਤੋਂ ਛੋਟ ਦੇਣ ਵਾਲਾ ਉਨਆਰੀਓ ਕੈਨੇਡਾ ਦਾ ਚੌਥਾ ਸੂਬਾ ਬਣ ਜਾਵੇਗਾ। ਅਲਬਰਟਾ, ਬ੍ਰਿਟਿਸ਼ ਕੋਲੰਬੀਆ ਤੇ ਮੈਨੀਟੋਬਾ `ਚ ਪਹਿਲਾਂ ਾਹੀ ਅਜਿਹੀ ਇਜਾਜ਼ਤ ਹੈ।
ਉੱੱਧਰ ਕੈਨੇਡਾ ਸੇਫ਼ਟੀ ਕੌਂਸਲ ਦੇ ਮੋਟਰਸਾਇਕਲ ਸੁਰੱਖਿਆ ਮਾਮਲਿਆਂ ਦੇ ਮਾਹਿਰ ਰੇਅਨਾਲਡ ਮਾਰਕੈਂਡ ਨੇ ਕਿਹਾ ਹੈ ਕਿ ਉਨ੍ਹਾਂ ਦੀ ਸੰਸਥਾ ਸਰਕਾਰ ਦੇ ਇਸ ਸੰਭਾਵੀ ਫ਼ੈਸਲੇ ਤੋਂ ਕੁਝ ਚਿੰਤਤ ਹੈ। ਉਨ੍ਹਾਂ ਕਿਹਾ ਕਿ ਹੈਲਮੈਟ ਨਾਲ ਚਾਲਕ ਦੇ ਸਿਰ `ਤੇ ਸੱਟ ਲੱਗਣ ਤੋਂ ਬਚਾਅ ਹੋ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਹੈਲਮੈਟ ਨਾਲ ਸਿਰ `ਤੇ ਸੱਟ ਲੱਗਣ ਦਾ ਖ਼ਤਰਾ 67 ਫ਼ੀ ਸਦੀ ਅਤੇ ਮੌਤ ਦਾ ਖ਼ਤਰਾ 37 ਫ਼ੀ ਸਦੀ ਘਟ ਜਾਂਦਾ ਹੈ। ਉਨ੍ਹਾਂ ਆਸ ਪ੍ਰਗਟਾਈ ਜੇ ਅਜਿਹੀ ਕੋਈ ਛੋਟ ਦਿੱਤੀ ਜਾਂਦੀ ਹੈ, ਤਾਂ ਉਹ ਸਿਰਫ਼ ਫ਼ੁਲ ਲਾਇਸੈਂਸ-ਧਾਰਕਾਂ ਲਈ ਹੀ ਹੋਵੇਗੀ।
ਇੱਥੇ ਵਰਨਣਯੋਗ ਹੈ ਕਿ ਸਾਲ 2005 `ਚ ਬਲਜਿੰਦਰ ਸਿੰਘ ਬਦੇਸ਼ਾ ਨੂੰ ਬਿਨਾ ਹੈਲਮੈਟ ਕਾਰਨ 110 ਡਾਲਰ ਜੁਰਮਾਨਾ ਕੀਤਾ ਗਿਆ ਸੀ ਪਰ ਉਹ ਆਪਣੇ ਧਾਰਮਿਕ ਅਧਿਕਾਰਾਂ ਦੇ ਆਧਾਰ `ਤੇ ਅਦਾਲਤ `ਚ ਚਲੇ ਗਏ ਸਨ। ਪਰ ਸਾਲ 2008 `ਚ ਫ਼ੈਸਲਾ ਫਿਰ ਸ੍ਰੀ ਬਦੇਸ਼ਾ ਦੇ ਹੀ ਖਿ਼ਲਾਫ਼ ਹੋ ਗਿਆ ਸੀ।
ਸਾਲ 2014 `ਚ ਉਨਟਾਰੀਓ ਦੇ ਸਾਬਕਾ ਪ੍ਰੀਮੀਅਰ ਕੈਥਲੀਨ ਵਿਨ ਨੇ ਕੈਨੇਡੀਅਨ ਸਿੱਖ ਐਸੋਸੀਏਸ਼ਨ ਨੂੰ ਦੱਸਿਆ ਸੀ ਕਿ ਉਹ ਸਿੱਖਾਂ ਨੂੰ ਬਿਨਾ ਹੈਲਮੈਟ ਦੇ ਦੋ-ਪਹੀਆ ਵਾਹਨ ਚਲਾਉਣ ਦੀ ਪ੍ਰਵਾਨਗੀ ਨਹੀਂ ਦੇਣਗੇ।