ਟੋਰਾਂਟੋ : ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨਾਲ ਅਣਬਣ ਮਗਰੋਂ ਸਿੱਖਿਆ ਮੰਤਰੀ ਟੌਡ ਸਮਿੱਥ ਨੇ ਅਚਨਚੇਤ ਅਸਤੀਫ਼ਾ ਦੇ ਦਿਤਾ। ਪ੍ਰਾਈਵੇਟ ਸੈਕਟਰ ਵਿਚ ਨੌਕਰੀ ਕਰਨ ਦੀ ਦਲੀਲ ਦਿੰਦਿਆਂ ਵਿਧਾਇਕ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿਤਾ ਅਤੇ ਪੀ.ਸੀ. ਪਾਰਟੀ ਵੀ ਛੱਡ ਦਿਤੀ। ਉਧਰ ਪ੍ਰੀਮੀਅਰ ਡਗ ਫੋਰਡ ਵੱਲੋਂ ਜਿਲ ਡਨਲੌਪ ਨੂੰ ਸਿੱਖਿਆ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨਟਾਰੀਓ ਵਿਚ ਸਮੇਂ ਤੋਂ ਪਹਿਲਾਂ ਚੋਣਾਂ ਦੇ ਕਿਆਸਿਆਂ ਦਰਮਿਆਨ ਇਕ ਹੋਰ ਵਿਧਾਨ ਸਭਾ ਸੀਟ ਵਿਹਲੀ ਹੋ ਚੁੱਕੀ ਹੈ ਅਤੇ ਹੁਣ ਦੇਖਣਾ ਹੋਵੇਗਾ ਕਿ ਟੌਡ ਸਮਿੱਥ ਦੀ ਵਿਦਾਇਗੀ ਮਗਰੋਂ ਖਾਲੀ ਹੋਈ ਸੀਟ ’ਤੇ ਜ਼ਿਮਨੀ ਚੋਣ ਦਾ ਐਲਾਨ ਹੁੰਦਾ ਹੈ ਜਾਂ ਸਿੱਧਾ ਵਿਧਾਨ ਸਭਾ ਚੋਣਾਂ ਹੀ ਹੋਣਗੀਆਂ। ਇਥੇ ਦਸਣਾ ਬਣਦਾ ਹੈ ਕਿ ਟੌਡ ਸਮਿੱਥ ਨੂੰ ਸਿਰਫ ਦੋ ਮਹੀਨੇ ਪਹਿਲਾਂ ਹੀ ਸਿੱਖਿਆ ਮੰਤਰਾਲਾ ਸੌਂਪਿਆ ਗਿਆ ਸੀ।

ਜਿਲ ਡਨਲੌਪ ਨੂੰ ਸੌਂਪੀ ਸਿੱਖਿਆ ਮੰਤਰਾਲੇ ਦੀ ਜ਼ਿੰਮੇਵਾਰੀ
ਸੂਤਰਾਂ ਨੇ ਦੱਸਿਆ ਕਿ ਟੌਡ ਸਮਿੱਥ ਲੰਮੇ ਸਮੇਂ ਤੋਂ ਊਰਜਾ ਮੰਤਰੀ ਦੀ ਜ਼ਿੰਮੇਵਾਰੀ ਨਿਭਾਅ ਰਹੇ ਸਨ ਅਤੇ ਆਪਣਾ ਮਹਿਕਮਾ ਤਬਦੀਲ ਕੀਤੇ ਜਾਣ ਤੋਂ ਨਾਰਾਜ਼ ਹੋ ਗਏ। ਟੌਡ ਸਮਿੱਥ ਨੇ ਸੋਸ਼ਲ ਮੀਡੀਆ ਰਾਹੀਂ ਅਸਤੀਫੇ ਦਾ ਐਲਾਨ ਕੀਤਾ ਅਤੇ ਕਿਹਾ ਕਿ ਇਹ ਫੈਸਲਾ ਲੈਂਦਿਆਂ ਕਾਫੀ ਮੁਸ਼ਕਲ ਹੋ ਰਹੀ ਹੈ। ਟੌਡ ਸਮਿੱਥ 13 ਸਾਲ ਵਿਧਾਇਕ ਰਹੇ ਅਤੇ ਡਗ ਫੋਰਡ ਸਰਕਾਰ ਵਿਚ ਕੈਬਨਿਟ ਮੰਤਰੀ ਦਾ ਦਰਜਾ ਹਾਸਲ ਕੀਤਾ। ਊਰਜਾ ਮੰਤਰਾਲਾ ਸਟੀਫਨ ਲੈਚੇ ਨੂੰ ਦੇ ਦਿਤਾ ਗਿਆ ਜੋ ਡਗ ਫੋਰਡ ਦੇ ਕਰੀਬੀ ਮੰਨੇ ਜਾਂਦੇ ਹਨ ਅਤੇ ਸੰਭਾਵਤ ਵਿਧਾਨ ਸਭਾ ਚੋਣਾਂ ਦੌਰਾਨ ਇਲੈਕਟ੍ਰੀਫਿਕੇਸ਼ਨ ਦਾ ਮਸਲਾ ਸੱਤਾਧਾਰੀ ਜ਼ੋਰਦਾਰ ਤਰੀਕੇ ਨਾਲ ਉਭਾਰਨਾ ਚਾਹੁੰਦੀ ਹੈ।