ਜੈਪੁਰ/ਮੁੰਬਈ, 23 ਸਤੰਬਰ

ਆਮ ਆਦਮੀ ਪਾਰਟੀ (ਆਪ) ਨੇਤਾ ਰਾਘਵ ਚੱਢਾ ਅਤੇ ਅਦਾਕਾਰਾ ਪਰਿਨੀਤੀ ਚੋਪੜਾ ਭਲਕੇ ਸ਼ੁਰੂ ਹੋਣ ਵਾਲੀਆਂ ਆਪਣੇ ਵਿਆਹ ਦੀਆਂ ਰਸਮਾਂ ਲਈ ਅੱਜ ਉਦੈਪੁਰ ਪਹੁੰਚ ਗਏ ਹਨ, ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਉਨ੍ਹਾਂ ਦੇ ਦਿੱਲੀ ਤੋਂ ਉਦੈਪੁਰ ਦੇ ਡਬੋਕ ਹਵਾਈ ਅੱਡੇ ’ਤੇ ਪਹੁੰਚਣ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਹਨ। ਇਸ ਜੋੜੇ ਦਾ ਹਵਾਈ ਅੱਡੇ ਦੇ ਗੇਟ ’ਤੇ ਢੋਲ ਵਜਾ ਕੇ ਅਤੇ ਵੱਲੋਂ ਭੰਗੜਾ ਪਾ ਕੇ ਸਵਾਗਤ ਕੀਤਾ ਗਿਆ। ਪਰਿਨੀਤੀ (34) ਅਤੇ ਚੱਢਾ (34) ਆਪਣੇ ਪਰਿਵਾਰਾਂ ਸਮੇਤ ਡਬੋਕ ਹਵਾਈ ਅੱਡੇ ਤੋਂ ਹੋਟਲ ਲਈ ਰਵਾਨਾ ਹੋਏ। ਰਿਪੋਰਟਾਂ ਮੁਤਾਬਕ ਰਾਜਸਥਾਨ ’ਚ ਰਾਘਵ ਤੇ ਪਰਿਨੀਤੀ ਦੇ ਵਿਆਹ ਦੀਆਂ ਰਸਮਾਂ 23 ਅਤੇ 24 ਸਤੰਬਰ ਨੂੰ ਹੋਣੀਆਂ ਹਨ। ਸ਼ਨਿਚਰਵਾਰ ਨੂੰ ਪ੍ਰੀਵੈਡਿੰਗ ਪ੍ਰੋਗਰਾਮ ਅਤੇ ਐਤਵਾਰ ਨੂੰ ਉਦੈਪੁਰ ਦੇ ‘ਦਿ ਲੀਲਾ ਪੈਲੇਸ’ ’ਚ ਸਮਾਗਮ ਹੋਵੇਗਾ। ਪਰਿਨੀਤੀ ਦੀ ਭੈਣ ਪ੍ਰਿਯੰਕਾ ਚੋਪੜਾ ਜੋਨਸ ਤੇ ਉਸ ਦਾ ਪਤੀ ਨਿੱਕ ਜੋਨਸ ਦੇ ਸ਼ਨਿਚਰਵਾਰ ਨੂੰ ਉਦੈਪੁਰ ਪਹੁੰਚ ਸਕਦੇ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਨਿਚਾਰਵਾਰ ਸ਼ਾਮ ਨੂੰ ਉਦੈਪੁਰ ਪਹੁੰਚਣਗੇ। ਐਤਵਾਰ ਨੂੰ ਵਿਆਹ ਸਮਾਗਮ ’ਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਵੀ ਸ਼ਾਮਲ ਹੋ ਸਕਦੇ ਹਨ। ਹੋਟਲ ‘ਦਿ ਲੀਲਾ ਪੈਲੇਸ’ ’ਚ ਵਿਆਹ ਸਮਾਗਮ ਦੌਰਾਨ ਸੁਰੱਖਿਆ ਲਈ 100 ਪ੍ਰਾਈਵੇਟ ਸੁਰੱਖਿਆ ਗਾਰਡ ਤਾਇਨਾਤ ਕੀਤੇ ਗਏ ਹਨ। ਜਾਣਕਾਰੀ ਅਨੁਸਾਰ 23 ਸਤੰਬਰ ਨੂੰ ਸਵੇਰੇ ਦਸ ਵਜੇ ਚੂੜਾ ਚੜ੍ਹਾਉਣ ਦੀ ਰਸਮ ਹੋਵੇਗੀ ਤੇ ਸ਼ਾਮ ਸੱਤ ਵਜੇ ਸੰਗੀਤਕ ਸਮਾਗਮ ਹੋਵੇਗਾ ਜਦਕਿ 24 ਸਤੰਬਰ ਨੂੰ ਦੁਪਹਿਰ ੲਿਕ ਵਜੇ ਸਿਹਰਾਬੰਦੀ ਹੋਵੇਗੀ ਤੇ ਬਾਰਾਤ ਦੁਪਹਿਰ ਦੋ ਵਜੇ ਆਵੇਗੀ। ਜੈ ਮਾਲਾ ਦਾ ਸਮਾਂ ਦੁਪਹਿਰ ਸਾਢੇ ਤਿੰਨ ਵਜੇ ਤੇ ਫੇਰੇ ਚਾਰ ਵਜੇ ਹੋਣਗੇ। ਸ਼ਾਮ ਸਾਢੇ ਛੇ ਵਜੇ ਵਿਦਾਇਗੀ ਦਿੱਤੀ ਜਾਵੇਗੀ ਜਦਕਿ ਸਾਢੇ ਅੱਠ ਵਜੇ ਰਿਸੈਪਸ਼ਨ ਸ਼ੁਰੂ ਹੋਵੇਗੀ।